ਵਿਆਹ ਦੇ 3 ਮਹੀਨੇ ਮਗਰੋਂ ਹੀ ਕਰਨ ਲੱਗੇ ਦਾਜ ਦੀ ਮੰਗ, ਵਿਦੇਸ਼ ਭੱਜਿਆ NRI ਪਤੀ

Monday, May 04, 2026 - 04:25 PM (IST)

ਵਿਆਹ ਦੇ 3 ਮਹੀਨੇ ਮਗਰੋਂ ਹੀ ਕਰਨ ਲੱਗੇ ਦਾਜ ਦੀ ਮੰਗ, ਵਿਦੇਸ਼ ਭੱਜਿਆ NRI ਪਤੀ

ਬਠਿੰਡਾ (ਵਿਜੇ ਵਰਮਾ) : ਵਿਆਹ ਦੇ ਸਿਰਫ ਤਿੰਨ ਮਹੀਨਿਆਂ ਬਾਅਦ ਦਾਜ ਦੀ ਮੰਗ ਅਤੇ ਘਰੇਲੂ ਹਿੰਸਾ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਦੀ ਮਹਿਲਾ ਥਾਣਾ ਪੁਲਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ 'ਤੇ ਉਸ ਦੇ ਐੱਨ. ਆਰ. ਆਈ. ਪਤੀ ਅਤੇ ਸੱਸ ਖ਼ਿਲਾਫ਼ ਦਾਜ, ਕੁੱਟਮਾਰ ਅਤੇ ਮਾਨਸਿਕ ਸ਼ੋਸਣ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਹੈ। ਮਾਮਲਾ ਦਰਜ ਹੋਣ ਦੀ ਭਿਣਕ ਲੱਗਦਿਆਂ ਹੀ ਮੁਲਜ਼ਮ ਪਤੀ ਕੈਨੇਡਾ ਫ਼ਰਾਰ ਹੋ ਗਿਆ। 
ਵਿਆਹ ਦੇ ਇੱਕ ਹਫ਼ਤੇ ਬਾਅਦ ਹੀ 40 ਲੱਖ ਦੀ ਮੰਗ 
ਪੀੜਤਾ ਸਿਮਰਨ ਕੌਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ 14 ਦਸੰਬਰ 2025 ਨੂੰ ਮਨਮੀਤ ਸਿੰਘ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਪਰਿਵਾਰ ਨੇ ਕਰੀਬ 27 ਲੱਖ ਰੁਪਏ ਖ਼ਰਚ ਕੀਤੇ ਸਨ ਪਰ ਵਿਆਹ ਦੇ ਸਿਰਫ ਇੱਕ ਹਫ਼ਤੇ ਬਾਅਦ ਹੀ ਪਤੀ ਮਨਮੀਤ ਸਿੰਘ ਅਤੇ ਸੱਸ ਮਨਜੀਤ ਕੌਰ ਨੇ ਉਸ ਤੋਂ 40 ਲੱਖ ਰੁਪਏ ਦੀ ਵਾਧੂ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਨਸ਼ੇ ਦਾ ਆਦੀ ਹੈ ਪਤੀ, ਸਮਝੌਤੇ ਤੋਂ ਵੀ ਮੁੱਕਰਿਆ 
ਪਰਿਵਾਰ ਦੀ ਸ਼ਿਕਾਇਤ ਮੁਤਾਬਕ ਜਦੋਂ ਸਿਮਰਨ ਨੇ ਇੰਨੀ ਵੱਡੀ ਰਕਮ ਦੇਣ ਤੋਂ ਅਸਮਰੱਥਾ ਜਤਾਈ ਤਾਂ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾਣ ਲੱਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਸਿੰਥੈਟਿਕ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਹਾਲਤ 'ਚ ਉਸ ਨਾਲ ਕੁੱਟਮਾਰ ਕਰਦਾ ਸੀ। ਹਾਲਾਤ ਇੰਨੇ ਵਿਗੜ ਗਏ ਕਿ ਮੁਲਜ਼ਮ ਪਤੀ ਉਸ ਨੂੰ ਬਠਿੰਡਾ ਉਸ ਦੇ ਪੇਕੇ ਘਰ ਛੱਡ ਗਿਆ। ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਵੀ ਬੁਲਾਈ ਗਈ ਸੀ ਪਰ ਮੁਲਜ਼ਮ ਧਿਰ ਸਮਝੌਤੇ ਤੋਂ ਮੁੱਕਰ ਗਈ।
ਸ਼ਿਕਾਇਤ ਤੋਂ ਬਾਅਦ ਵਿਦੇਸ਼ ਭੱਜਿਆ ਮੁਲਜ਼ਮ 
ਸਿਮਰਨ ਨੇ 10 ਮਾਰਚ 2026 ਨੂੰ ਮਹਿਲਾ ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਪੀੜਤਾ ਦਾ ਇਲਜ਼ਾਮ ਹੈ ਕਿ ਸ਼ਿਕਾਇਤ ਦੀ ਜਾਣਕਾਰੀ ਮਿਲਦੇ ਹੀ ਉਸ ਦਾ ਪਤੀ 18 ਮਾਰਚ ਨੂੰ ਕੈਨੇਡਾ ਭੱਜ ਗਿਆ। ਹੁਣ ਉਹ ਉਸ ਨੂੰ ਤਲਾਕ ਲੈਣ ਲਈ ਲਗਾਤਾਰ ਮੈਸੇਜ ਭੇਜ ਰਿਹਾ ਹੈ, ਜਿਸ ਕਾਰਨ ਉਹ ਮਾਨਸਿਕ ਤਣਾਅ 'ਚ ਹੈ। ਮਹਿਲਾ ਥਾਣਾ ਪੁਲਸ ਨੇ ਮੁਲਜ਼ਮ ਮਨਮੀਤ ਸਿੰਘ ਅਤੇ ਸੱਸ ਮਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News