ਫਿਰੋਜ਼ਪੁਰ ’ਚ 85 ਲੱਖ ਦੀ ਧੋਖਾਧੜੀ, 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Wednesday, May 06, 2026 - 11:09 AM (IST)
ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਸ਼ਹਿਰ 'ਚ ਜ਼ਮੀਨ ਦੇ ਸੌਦੇ ਦੇ ਨਾਂ ’ਤੇ 85 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਪਿਸਤੌਲ ਵਿਖਾ ਕੇ ਧਮਕਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਸ ਸਬੰਧ 'ਚ 6 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਵਾਸੀ ਬਾਬਾ ਰਾਮ ਲਾਲ ਨਗਰ ਨੇ ਪੁਲਸ ਨੂੰ ਦਿੱਤੀ ਦਰਖ਼ਾਸਤ 'ਚ ਦੱਸਿਆ ਕਿ ਕਰਮਜੀਤ ਕੌਰ ਪਤਨੀ ਗੁਰਮੀਤ ਸਿੰਘ, ਗੁਰਮੀਤ ਸਿੰਘ ਪੁੱਤਰ ਫੁੰਮਣ ਸਿੰਘ ਵਾਸੀਅਨ ਪਿੰਡ ਰਾਮੇਆਣਾ, ਓਮ ਪ੍ਰਕਾਸ਼ ਪੁੱਤਰ ਗੰਗਾ ਰਾਮ ਵਾਸੀ ਦਸ਼ਮੇਸ਼ ਨਗਰ ਸਿਟੀ ਫਿਰੋਜ਼ਪੁਰ, ਲਛਮਣ ਉਰਫ਼ ਸੈਮੂਅਲ ਪੁੰਤਰ ਸਾਦਕ ਵਾਸੀ ਗੁਲਾਮ ਹੁਸੈਨਵਾਲਾ, ਜਗਜੀਤ ਕੁਮਾਰ ਪੁੱਗਲ ਪੁੱਤਰ ਬਨਵਾਰੀ ਲਾਲ ਵਾਸੀ ਡੌਲਿਆ ਵਾਲਾ ਮੁਹੱਲਾ ਸਿਟੀ ਫਿਰੋਜ਼ਪੁਰ, ਨਿਸ਼ਾਨ ਸਿੰਘ ਨੰਬਰਦਾਰ ਵਾਸੀ ਸੂਬਾ ਕਦੀਮ ਨੇ ਆਪਸੀ ਮਿਲੀ-ਭੁਗਤ ਨਾਲ ਉਸ ਨੂੰ ਅਜਿਹੀ ਜ਼ਮੀਨ ਦਾ ਇਕਰਾਰਨਾਮਾ ਕਰ ਦਿੱਤਾ, ਜਿਸ ’ਤੇ ਉਨ੍ਹਾਂ ਦਾ ਕਬਜ਼ਾ ਹੀ ਨਹੀਂ ਸੀ।
ਇਸ ਸੌਦੇ ਦੇ ਬਦਲੇ ਮੁਲਜ਼ਮਾਂ ਨੇ ਉਸ ਪਾਸੋਂ 85 ਲੱਖ ਰੁਪਏ ਹਾਸਲ ਕਰ ਲਏ ਸਨ। ਸ਼ਿਕਾਇਤਕਰਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਧੋਖਾਧੜੀ ਦਾ ਪਤਾ ਲੱਗਾ ਅਤੇ ਉਸ ਨੇ ਆਪਣੇ ਪੈਸਿਆਂ ਬਾਰੇ ਗੱਲ ਕੀਤੀ, ਤਾਂ ਉਕਤ ਦੋਸ਼ੀਅਨ ਨੇ ਉਸ ਨੂੰ ਬੇਈਮਾਨੀ ਦੀ ਨੀਅਤ ਨਾਲ ਪਿੰਡ ਰਾਮੇਆਣਾ ਸਥਿਤ ਆਪਣੇ ਘਰ ਬੁਲਾਇਆ ਤੇ ਉੱਥੇ ਉਨ੍ਹਾਂ ਨੇ ਪਿਸਤੌਲ ਤਾਣ ਦਿੱਤੀ ਅਤੇ ਉਸ ਕੋਲ ਮੌਜ਼ੂਦ ਅਸਲ ਇਕਰਾਰਨਾਮਾ ਖੋਹ ਕੇ ਪਾੜ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
