''ਤੇਰੀ ਫੈਕਟਰੀ ਬੰਦ ਕਰਾ ਦਿਆਂਗੇ..'', ਉਦਯੋਗਪਤੀ ਨੇ ਜਿਨ੍ਹਾਂ ਅਫ਼ਸਰਾਂ ਤੋਂ ਤੰਗ ਆ ਕੇ ਖ਼ਾਧਾ ਜ਼ਹਿਰ, ਉਹ ਨਿਕਲੇ ਜਾਅਲੀ
Monday, Apr 27, 2026 - 04:52 PM (IST)
ਲੁਧਿਆਣਾ (ਰਾਜ): ਸਲੇਮ ਟਾਬਰੀ ਇਲਾਕੇ ਵਿਚ ਕੁੱਟਮਾਰ ਦੇ ਇਕ ਸਾਧਾਰਨ ਮਾਮਲੇ ਦੀ ਗੁੱਥੀ ਸੁਲਝਾ ਰਹੀ ਪੁਲਸ ਦੇ ਉਦੋਂ ਹੋਸ਼ ਉੱਡ ਗਏ ਜਦੋਂ ਜਾਂਚ ਦੀਆਂ ਤਾਰਾਂ ਇਕ ਬਹੁਤ ਵੱਡੇ ਫਰਜ਼ੀਵਾੜੇ ਅਤੇ ਉਗਰਾਹੀ ਰੈਕੇਟ ਨਾਲ ਜੁੜ ਗਈਆਂ। ਪੁਲਸ ਨੇ ਇਕ ਅਜਿਹੇ ਸ਼ਾਤਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸਰਕਾਰੀ ਵਿਭਾਗਾਂ ਦੇ ਨਕਲੀ ਪਛਾਣ ਪੱਤਰ ਅਤੇ ਫਰਜ਼ੀ ਦਸਤਾਵੇਜ਼ ਦਿਖਾ ਕੇ ਭੋਲੇ-ਭਾਲੇ ਲੋਕਾਂ ਨੂੰ ਡਰਾਉਂਦਾ ਸੀ ਅਤੇ ਉਨ੍ਹਾਂ ਤੋਂ ਲੱਖਾਂ ਦੀ ਉਗਰਾਹੀ ਕਰਦਾ ਸੀ। ਇਸ ਸੰਗਠਿਤ ਰੈਕੇਟ ਦਾ ਸ਼ਿਕਾਰ ਬਣੇ ਇਕ ਪਰਿਵਾਰ ਦੇ ਮੁਖੀ ਨੇ ਤਾਂ ਖੌਫ ਅਤੇ ਮਾਨਸਿਕ ਦਬਾਅ ਵਿਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਹ ਸਾਰਾ ਮਾਮਲਾ 10 ਮਾਰਚ ਨੂੰ ਅਮਨ ਨਗਰ ਨਿਵਾਸੀ ਅਮਨ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਅਮਨ ਨੇ ਪੁਲਸ ਨੂੰ ਦੱਸਿਆ ਕਿ ਇਲਾਕੇ ਦੇ ਹੀ ਰਹਿਣ ਵਾਲੇ ਜਗਜੀਤ ਸਿੰਘ ਉਰਫ਼ ਬਬਲੂ ਅਤੇ ਰਾਜਵਿੰਦਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।
ਮੁਲਜ਼ਮਾਂ ਨੇ ਅਮਨ ਦੀ ਫੈਕਟਰੀ ਖ਼ਿਲਾਫ਼ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਫਿਰ ਫੈਕਟਰੀ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੀ ਧਮਕੀ ਦੇ ਕੇ 11 ਲੱਖ ਰੁਪਏ ਦੀ ਮੋਟੀ ਰਕਮ ਦੀ ਮੰਗ ਕਰਨ ਲੱਗੇ। ਇਹ ਦਬਾਅ ਇੰਨਾ ਵੱਧ ਗਿਆ ਕਿ ਅਮਨ ਦੇ ਪਿਤਾ ਵਿਜੇ ਕੁਮਾਰ ਮਾਨਸਿਕ ਰੂਪ ਵਿਚ ਟੁੱਟ ਗਏ ਅਤੇ ਉਨ੍ਹਾਂ ਨੇ ਇਕ ਸੁਸਾਈਡ ਨੋਟ ਲਿਖ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪਰਿਵਾਰ ਨੇ ਮੌਕੇ 'ਤੇ ਬਚਾ ਕੇ ਹਸਪਤਾਲ ਪਹੁੰਚਾਇਆ। ਪੁਲਸ ਜਾਂਚ ਵਿਚ ਜੋ ਤੱਥ ਸਾਹਮਣੇ ਆਏ ਉਹ ਬੇਹੱਦ ਹੈਰਾਨ ਕਰਨ ਵਾਲੇ ਹਨ। ਮੁਲਜ਼ਮ ਖ਼ੁਦ ਨੂੰ ਵੱਡੇ ਸਰਕਾਰੀ ਅਧਿਕਾਰੀ ਦੱਸਦੇ ਸਨ ਅਤੇ ਲੋਕਾਂ ਨੂੰ ਕਾਨੂੰਨੀ ਪੇਚੀਦਗੀਆਂ ਵਿਚ ਫਸਾਉਣ ਦਾ ਡਰ ਦਿਖਾ ਕੇ ਮੋਟੀ ਰਕਮ ਲੈਂਦੇ ਸਨ। ਇਸ ਗਿਰੋਹ ਦਾ ਇਕ ਮੁੱਖ ਮੋਹਰਾ ਸੰਜੀਵ ਚੌਹਾਨ ਸੀ ਜੋ ਨਗਰ ਨਿਗਮ ਦਾ ਨਕਲੀ ਕਰਮਚਾਰੀ ਬਣ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦਾ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਗਜੀਤ ਸਿੰਘ ਦੀ ਪਤਨੀ ਪੂਜਾ ਰਾਣੀ, ਸੰਜੀਵ ਚੌਹਾਨ ਅਤੇ ਉਸ ਦੀ ਪਤਨੀ ਜਤਿੰਦਰ ਕੌਰ ਨੂੰ ਵੀ ਇਸ ਸਾਜ਼ਿਸ਼ ਵਿਚ ਨਾਮਜ਼ਦ ਕੀਤਾ ਹੈ।
ਫਿਲਹਾਲ ਪੁਲਸ ਨੇ ਮੁਲਜ਼ਮ ਪੂਜਾ ਰਾਣੀ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ, ਜਦਕਿ ਸੰਜੀਵ ਚੌਹਾਨ ਅਤੇ ਉਸ ਦੀ ਪਤਨੀ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਸਲੇਮ ਟਾਬਰੀ ਦੇ ਐੱਸ.ਐੱਚ.ਓ. ਇੰਸਪੈਕਟਰ ਹਰਸ਼ਵੀਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੇ ਟਿਕਾਣੇ ਤੋਂ ਕਈ ਵਿਭਾਗਾਂ ਦੇ ਜਾਅਲੀ ਆਈ-ਕਾਰਡ ਅਤੇ ਸ਼ੱਕੀ ਕਾਗਜ਼ਾਤ ਬਰਾਮਦ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਇਕ ਪੇਸ਼ੇਵਰ ਗਿਰੋਹ ਹੈ ਜਿਸ ਨੇ ਸ਼ਹਿਰ ਵਿਚ ਹੋਰ ਵੀ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੋਵੇਗਾ। ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਦੀਆਂ ਵਿਸ਼ੇਸ਼ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਰੈਕੇਟ ਨਾਲ ਜੁੜੇ ਕਈ ਵੱਡੇ ਚਿਹਰਿਆਂ ਦੇ ਬੇਨਕਾਬ ਹੋਣ ਦੀ ਸੰਭਾਵਨਾ ਹੈ।
