ਕੰਗਣਾ ਰਣੌਤ ਮਾਣਹਾਨੀ ਮਾਮਲਾ : ਗਵਾਹ ਪੇਸ਼ ਨਾ ਹੋਣ ਕਾਰਨ ਸੁਣਵਾਈ ਟਲੀ, ਪਈ ਅਗਲੀ ਤਾਰੀਖ

Tuesday, Apr 28, 2026 - 05:44 PM (IST)

ਕੰਗਣਾ ਰਣੌਤ ਮਾਣਹਾਨੀ ਮਾਮਲਾ : ਗਵਾਹ ਪੇਸ਼ ਨਾ ਹੋਣ ਕਾਰਨ ਸੁਣਵਾਈ ਟਲੀ, ਪਈ ਅਗਲੀ ਤਾਰੀਖ

ਬਠਿੰਡਾ (ਵਿਜੇ ਵਰਮਾ) : ਮਾਣਹਾਨੀ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਣਾ ਰਣੌਤ ਦੀ ਬਠਿੰਡਾ ਅਦਾਲਤ ਵਿਚ ਅੱਜ ਨਿਰਧਾਰਤ ਪੇਸ਼ੀ ਦੌਰਾਨ ਸੁਣਵਾਈ ਅੱਗੇ ਨਹੀਂ ਵੱਧ ਸਕੀ। ਨਾ ਤਾਂ ਕੰਗਣਾ ਰਣੌਤ ਖੁਦ ਅਦਾਲਤ ਵਿਚ ਹਾਜ਼ਰ ਹੋਈ ਅਤੇ ਨਾ ਹੀ ਮਾਮਲੇ ਦੇ ਅਹਿਮ ਗਵਾਹ ਪੇਸ਼ ਹੋ ਸਕੇ, ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ ਲਈ 12 ਮਈ ਦੀ ਤਾਰੀਖ ਨਿਰਧਾਰਤ ਕਰ ਦਿੱਤੀ। ਮਾਮਲੇ ਦੀ ਸੁਣਵਾਈ ਦੌਰਾਨ ਕੰਗਣਾ ਰਣੌਤ ਵੱਲੋਂ ਪੇਸ਼ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਵਿਚ ਦੋ ਮੁੱਖ ਗਵਾਹ ਸੁਰਜੀਤ ਸਿੰਘ ਫੂਲ ਅਤੇ ਗੁਰਪ੍ਰੀਤ ਸਿੰਘ ਦੀ ਗਵਾਹੀ ਹੋਣੀ ਹੈ। ਵਕੀਲ ਅਨੁਸਾਰ ਸੁਰਜੀਤ ਸਿੰਘ ਫੂਲ ਪੇਟ ਦਰਦ ਕਾਰਨ ਹਸਪਤਾਲ ਵਿਚ ਦਾਖ਼ਲ ਹਨ, ਜਿਸ ਕਾਰਨ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ ਜਦਕਿ ਗੁਰਪ੍ਰੀਤ ਸਿੰਘ ਦੀ ਗਵਾਹੀ ਵੀ ਅੱਜ ਦਰਜ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰਵਾਇਆ ਗਿਆ ਖਾਲ੍ਹੀ, ਲੀਕ ਹੋ ਗਈ ਗੈਸ ਪਾਈਪਲਾਈਨ

ਬਚਾਅ ਪੱਖ ਨੇ ਅਦਾਲਤ ਵਿਚ ਇਹ ਵੀ ਬੇਨਤੀ ਕੀਤੀ ਕਿ ਗਵਾਹਾਂ ਦੀ ਗਵਾਹੀ ਕ੍ਰਮਵਾਰ ਦਰਜ ਕੀਤੀ ਜਾਵੇ। ਪਹਿਲਾਂ ਸੁਰਜੀਤ ਸਿੰਘ ਫੂਲ ਦੀ ਗਵਾਹੀ ਕਰਵਾਈ ਜਾਵੇ, ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਤੇ ਫਿਰ ਮਹਿੰਦਰ ਕੌਰ ਦੀ ਗਵਾਹੀ ਲਈ ਜਾਵੇ। ਅਦਾਲਤ ਨੇ ਇਸ ਬੇਨਤੀ ਨੂੰ ਧਿਆਨ ਵਿਚ ਰੱਖਦਿਆਂ ਮਾਮਲੇ ਦੀ ਅਗਲੀ ਸੁਣਵਾਈ 12 ਮਈ ਲਈ ਮੁਕਰਰ ਕਰ ਦਿੱਤੀ। ਇਸੇ ਦੌਰਾਨ ਸ਼ਿਕਾਇਤਕਰਤਾ ਪੱਖ ਨਾਲ ਜੁੜੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਨਸਾਫ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਅਦਾਲਤ ਤੋਂ ਉਨ੍ਹਾਂ ਨੂੰ ਇਨਸਾਫ ਮਿਲੇਗਾ ਪਰ ਜੇ ਇੱਥੋਂ ਰਾਹਤ ਨਾ ਮਿਲੀ ਤਾਂ “ਕੁਦਰਤ ਇਨਸਾਫ ਜ਼ਰੂਰ ਕਰੇਗੀ।” ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 12 ਮਈ ਨੂੰ ਹੋਵੇਗੀ, ਜਿਸ ਵਿਚ ਗਵਾਹਾਂ ਦੀ ਪੇਸ਼ੀ ਅਤੇ ਗਵਾਹੀ ਦਰਜ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।


author

Gurminder Singh

Content Editor

Related News