ਗੈਸ ਸਿਲੰਡਰਾਂ ਨਾਲ ਲੱਦੀ ਗੱਡੀ 3 ਸਾਲਾ ਬੱਚੇ ''ਤੇ ਚੜ੍ਹੀ, ਮੌਤ

01/12/2018 5:41:43 AM

ਜਲੰਧਰ, (ਪ੍ਰੀਤ)- ਧੋਗੜੀ ਰੋਡ 'ਤੇ ਇਕ ਦਰਦਨਾਕ ਹਾਦਸਾ ਹੋਇਆ। ਗੈਸ ਸਿਲੰਡਰਾਂ ਨਾਲ ਲੱਦੀ ਇਕ ਤੇਜ਼ ਰਫਤਾਰ ਗੱਡੀ ਧੋਗੜੀ ਰੋਡ 'ਤੇ ਖੇਡ ਰਹੇ 3 ਸਾਲ ਦੇ ਬੱਚੇ 'ਤੇ ਜਾ ਚੜ੍ਹੀ ਜਿਸ ਕਾਰਨ ਡੇਵਿਡ ਪੁੱਤਰ ਪੱਪੂ ਕੁਮਾਰ ਵਾਸੀ ਨਿਊ ਹਰਗੋਬਿੰਦ ਨਗਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਗੱਡੀ ਜ਼ਬਤ ਕਰ ਕੇ ਡਰਾਈਵਰ ਰਾਜੂ ਵਾਸੀ ਕੰਗਣੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪੱਪੂ ਕੁਮਾਰ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਨਿਊ ਹਰਗੋਬਿੰਦ ਨਗਰ ਵਿਚ ਰਹਿੰਦਾ ਹੈ। ਅੱਜ ਦੁਪਹਿਰ ਬਾਅਦ ਪੱਪੂ ਦਾ 3 ਸਾਲ ਦਾ ਬੇਟਾ ਡੇਵਿਡ ਘਰ ਤੋਂ ਬਾਹਰ ਖੇਡ ਰਿਹਾ ਸੀ ਕਿ ਉਹ ਅਚਾਨਕ ਖੇਡਦਾ ਹੋਇਆ ਸੜਕ 'ਤੇ ਆ ਗਿਆ। ਇਸੇ ਸਮੇਂ ਦੌਰਾਨ ਧੋਗੜੀ ਰੋਡ ਤੋਂ ਲੰਘ ਰਹੀ ਗੈਸ ਏਜੰਸੀ ਦੀ ਤੇਜ਼ ਰਫਤਾਰ ਗੱਡੀ ਨੇ ਡੇਵਿਡ ਨੂੰ ਕੁਚਲ ਦਿੱਤਾ। ਬੱਚਾ ਬੇਸੁਧ ਹੋ ਕੇ ਡਿੱਗ ਪਿਆ। ਲੋਕ ਬੱਚੇ ਨੂੰ ਤੁਰੰਤ ਨਜ਼ਦੀਕੀ ਇਕ ਡਾਕਟਰ ਕੋਲ ਲੈ ਗਏ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲੋਕਾਂ ਨੇ ਮੌਕੇ 'ਤੇ ਹੀ ਡਰਾਈਵਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਮੌਕੇ 'ਤੇ ਪਹੁੰਚੇ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅਗ੍ਰੇਜ਼ ਸਿੰਘ ਦੇ ਹਵਾਲੇ ਕਰ ਦਿੱਤਾ। ਦੇਰ ਸ਼ਾਮ ਏ. ਐੱਸ. ਆਈ. ਨੇ ਦੱਸਿਆ ਕਿ ਗੱਡੀ ਜ਼ਬਤ ਕਰ ਕੇ ਡਰਾਈਵਰ ਰਾਜੂ ਨੂੰ ਗ੍ਰਿਫਤਾਰ ਕਰ ਲਿਆ ਹੈ। 


Related News