12 ਲੱਖ 80 ਹਜ਼ਾਰ ਰੁਪਏ ਹਵਾਲਾ ਰਾਸ਼ੀ ਅਤੇ ਇਨੋਵਾ ਗੱਡੀ ਸਮੇਤ 3 ਗ੍ਰਿਫਤਾਰ
Wednesday, May 29, 2024 - 11:02 AM (IST)
ਤਰਨਤਾਰਨ (ਰਮਨ) : ਸੀ. ਆਈ. ਏ. ਸਟਾਫ ਤਰਨਤਾਰਨ ਦੀ ਪੁਲਸ ਨੇ ਪੰਜ ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ 12 ਲੱਖ 80 ਹਜ਼ਾਰ ਰੁਪਏ ਹਵਾਲਾ ਡਰੱਗ ਮਨੀ ਅਤੇ ਇਕ ਇਨੋਵਾ ਗੱਡੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਸ ਨੇ ਥਾਣਾ ਸਿਟੀ ਤਰਨਤਾਰਨ ਵਿਖੇ ਪਰਚਾ ਦਰਜ ਕਰਕੇ ਫਰਾਰ ਬਾਕੀ ਦੋ ਹੋਰ ਸਾਥੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹੇ ਦੇ ਐੱਸ. ਐੱਸ. ਪੀ. ਇਸ ਮਾਮਲੇ ਵਿਚ ਬੁੱਧਵਾਰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਆਈ. ਏ . ਸਟਾਫ ਤਰਨਤਾਰਨ ਦੀ ਪੁਲਸ ਵੱਲੋਂ ਬੀਤੀ ਰਾਤ ਦੌਰਾਨੇ ਨਾਕਾਬੰਦੀ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਇਨੋਵਾ ਗੱਡੀ ਨੂੰ ਰੋਕਦੇ ਹੋਏ ਉਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ 12 ਲੱਖ 80 ਹਜ਼ਾਰ ਰੁਪਏ ਦੀ ਹਵਾਲਾ ਡਰੱਗ ਮਨੀ ਭਾਰਤੀ ਕਰੰਸੀ ਅਤੇ ਇਨੋਵਾ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਆਕਾਸ਼ਦੀਪ ਸਿੰਘ ਉਰਫ ਆਕਾਸ਼ੀ ਪੁੱਤਰ ਬਲਵਿੰਦਰ ਸਿੰਘ ਵਾਸੀ ਰੋੜਾਵਾਲਾ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ, ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਕੁਲਦੀਪ ਸਿੰਘ ਵਾਸੀ ਧਨੋਆ ਖੁਰਦ ਅਤੇ ਅਮਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਰਾਣੀਕਾ ਬਾਗ ਅੰਮ੍ਰਿਤਸਰ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਦਕਿ ਇਨ੍ਹਾਂ ਦੇ ਸਾਥੀ ਆਕਾਸ਼ਦੀਪ ਸਿੰਘ ਉਰਫ ਆਕਾਸ਼ ਪੁੱਤਰ ਹਰਜੀਤ ਸਿੰਘ ਵਾਸੀ ਅਲਾਦੀਨਪੁਰ ਅਤੇ ਰਾਜਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਮੁਖਤਾਰ ਸਿੰਘ ਵਾਸੀ ਮਹੱਲਾ ਹਾਡੀ ਸ਼ਾਹ ਅਟਾਰੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੁਲਜ਼ਮ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ ਅਤੇ ਹੈਰੋਇਨ ਵੇਚ ਕਮਾਏ ਪੈਸਿਆਂ ਦੀ ਫੰਡਿੰਗ ਇਲਾਕੇ ਵਿਚ ਹੋਰਨਾਂ ਸਮੱਗਲਰਾਂ ਨੂੰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿਚ ਕਈ ਹੋਰ ਵਿਅਕਤੀਆਂ ਦੇ ਨਾਂ ਸਾਹਮਣੇ ਆਉਣ ਦੀ ਵੀ ਸੰਭਾਵਨਾ ਹੈ।