ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
Wednesday, May 01, 2024 - 06:25 PM (IST)
ਕਾਲਾ ਸੰਘਿਆਂ ( ਨਿੱਝਰ)- ਪਿੰਡ ਨਿੱਝਰਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਸੁਖਜਿੰਦਰ ਸਿੰਘ (24) ਪੁੱਤਰ ਮਰਹੂਮ ਨਿਰਮਲ ਸਿੰਘ ਵਾਸੀ ਪਿੰਡ ਲਿੱਧੜਾਂ, ਨੇੜੇ ਨਕੋਦਰ, ਜ਼ਿਲ੍ਹਾ ਜਲੰਧਰ ਦਾ ਵਸਨੀਕ ਸੀ, ਜਦਕਿ ਇਸ ਵਕਤ ਉਹ ਆਪਣੇ ਨਾਨਕੇ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ ਵਿਖੇ ਰਹਿ ਰਿਹਾ ਸੀ।
ਪਤਾ ਲੱਗਿਆ ਹੈ ਕਿ ਉਹ ਕਬੂਤਰ ਪਾਲਣ ਦਾ ਸ਼ੌਂਕ ਰੱਖਦਾ ਸੀ, ਜਿਸ ਕਾਰਨ ਉਹ ਆਪਣੇ ਹੋਰ ਸਾਥੀਆਂ ਨਾਲ ਉੱਡ ਰਹੇ ਕਬੂਤਰਾਂ ਨੂੰ ਫੜ੍ਹਨ ਲਈ ਇਕ ਲੋਹੇ ਦਾ ਜੰਗਲਾ ਲੈ ਕੇ ਗੁਰਦੁਆਰਾ ਕਲਗੀਧਰ ਸਾਹਿਬ ਨਿੱਝਰਾਂ ਦੀ ਦਰਸ਼ਨੀ ਡਿਓੜੀ ਉੱਪਰ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਉਸ ਦੇ ਹੱਥ ਵਿੱਚ ਫੜਿਆ ਜੰਗਲਾ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜੋਕਿ 11 ਹਜ਼ਾਰ ਹਾਈ ਵੋਲਟੇਜ ਕਰੰਟ ਵਾਲੀ ਸਪਲਾਈ ਵਾਲੀਆਂ ਤਾਰਾਂ ਦੱਸੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਚਪੇਟ ਵਿੱਚ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਭਾਵੇਂ ਕਿ ਉਸ ਦੌਰਾਨ ਲਾਈਟ ਵੀ ਬੰਦ ਹੋ ਗਈ। ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਨੌਜਵਾਨ ਨੇ ਨਿਊਜ਼ੀਲੈਂਡ 'ਚ ਗੱਡੇ ਝੰਡੇ, ਪੁਲਸ ਮਹਿਕਮੇ 'ਚ ਹਾਸਲ ਕੀਤਾ ਇਹ ਵੱਡਾ ਮੁਕਾਮ
ਦੱਸਿਆ ਗਿਆ ਹੈ ਕਿ ਗੁਰੂ ਘਰ ਦੇ ਗ੍ਰੰਥੀ ਅਤੇ ਆਸ ਪਾਸ ਦੇ ਲੋਕਾਂ ਨੂੰ ਜਿਵੇਂ ਹੀ ਚੀਕਾਂ ਸੁਣੀਆਂ ਤਾਂ ਉਸ ਨੂੰ ਡਿਊੜੀ ਤੋਂ ਹੇਠਾਂ ਲਾਹਿਆ ਗਿਆ ਅਤੇ ਮਿੱਟੀ ਵਿੱਚ ਵੀ ਦੱਬਿਆ ਗਿਆ ਤੇ ਬਾਅਦ ਵਿਚ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਵੀ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਸੁਖਜਿੰਦਰ ਸਿੰਘ ਨੂੰ ਉਸਦੇ ਲੰਘਦੇ ਜਾਣੂੰ ਰਾਹਗੀਰਾਂ ਨੇ ਬਿਜਲੀ ਦੀਆਂ ਤਾਰਾਂ ਤੋਂ ਬਚਣ ਲਈ ਅਗਾਹ ਵੀ ਕੀਤਾ ਪਰ ਉਹ ਆਪਣੇ ਸ਼ੌਕ ਕਾਰਨ ਆਪਣੇ ਕੰਮ ਵਿਚ ਲੱਗਿਆ ਰਿਹਾ ਤੇ ਇਹ ਦੁੱਖ਼ਦਾਈ ਭਾਣਾ ਵਾਪਰ ਗਿਆ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਰਿਸ਼ਤੇਦਾਰਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਮ੍ਰਿਤਕ ਸੁਖਜਿੰਦਰ ਸਿੰਘ ਪੰਥਕ ਢਾਡੀ ਕੁਲਦੀਪ ਸਿੰਘ ਨਿੱਝਰ ਦਾ ਇਕਲੌਤਾ ਭਾਣਜਾ ਦੱਸਿਆ ਜਾ ਰਿਹਾ ਹੈ, ਜੋ ਆਪ ਅਜੇ ਕੁਆਰਾ ਹੀ ਸੀ ਜਦਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਭੈਣ ਵਿਆਹੀ ਹੋਈ ਸੀ ਅਤੇ ਉਹ ਆਪਣੀ ਮਾਤਾ ਨਾਲ ਨਾਨੀ-ਮਾਮਿਆਂ ਕੋਲ ਪਿਛਲੇ 3-4 ਸਾਲਾਂ ਤੋਂ ਰਹਿ ਰਿਹਾ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਿੱਝਰਾਂ ਦੇ ਇਕ ਹੋਰ ਦੋਹਤੇ ਜਗਦੀਪ ਸਿੰਘ ਜੱਗਾ ਵਾਸੀ ਭੰਡਾਲ ਹਿੰਮਤ, ਨੇੜੇ ਨੂਰਮਹਿਲ ਦੀ ਵੀ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਚੜ੍ਹਾਉਣ ਮੌਕੇ ਬਿਜਲੀ ਦੀਆਂ ਤਾਰਾਂ ਤੋਂ ਕਰੰਟ ਲੱਗ ਜਾਣ ਨਾਲ ਬੀਤੀ 7 ਅਪ੍ਰੈਲ ਨੂੰ ਮੌਤ ਹੋ ਗਈ ਸੀ ਅਤੇ ਇਹ 25 ਦਿਨਾਂ ਵਿੱਚ ਦੂਜੇ ਦੋਹਤੇ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਘਟਨਾ ਵਾਪਰਨ ਕਾਰਨ ਸਮੁਚੇ ਪਿੰਡ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਦੋਵੇਂ ਨੌਜਵਾਨ ਮਾਪਿਆਂ ਦੇ ਇਕਲੌਤੇ ਚਿਰਾਗ ਸਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8