12 ਸਾਲਾ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ, ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ

Friday, Dec 01, 2023 - 02:08 PM (IST)

12 ਸਾਲਾ ਬੱਚਾ ਸ਼ੱਕੀ ਹਾਲਾਤ ’ਚ ਲਾਪਤਾ, ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਵਾਸੀ ਤੀਰਥ ਕੌਰ ਦਾ 12 ਸਾਲਾ ਬੱਚਾ ਹਰਸ਼ਪ੍ਰੀਤ ਸਿੰਘ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਹੈ ਜਿਸ ’ਤੇ ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੀਰਥ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਹਿਲੇ ਵਿਆਹ ਤੋਂ ਤਲਾਕ ਹੋ ਚੁੱਕਾ ਹੈ ਅਤੇ ਉਸਨੇ ਦੂਜਾ ਵਿਆਹ ਕਰਵਾਇਆ ਸੀ ਜਿਸ ਤੋਂ ਸੰਨ 2012 ਵਿਚ ਇਕ ਲੜਕਾ ਹਰਸ਼ਪ੍ਰੀਤ ਸਿੰਘ ਪੈਦਾ ਹੋਇਆ। ਲੰਘੀ 27 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਬੱਚਾ ਹਰਸ਼ਪ੍ਰੀਤ ਸਿੰਘ ਘਰੋਂ ਇਹ ਕਹਿ ਕੇ ਗਿਆ ਕਿ ਉਹ ਨੇੜੇ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਹੈ ਪਰ ਉਹ ਸ਼ਾਮ ਤੱਕ ਵਾਪਸ ਨਾ ਆਇਆ। 

ਪਰਿਵਾਰ ਵਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸਦਾ ਕੋਈ ਸੁਰਾਗ ਨਾ ਲੱਗਾ। ਲਾਪਤਾ ਬੱਚੇ ਹਰਸ਼ਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਉਸਦਾ ਇਹ ਬੱਚਾ ਚੌਥੀ ਜਮਾਤ ਵਿਚ ਪੜ੍ਹਾਦਾ ਸੀ ਅਤੇ ਸ਼ੱਕੀ ਢੰਗ ਨਾਲ ਲਾਪਤਾ ਹੋਣ ਕਾਰਨ ਸਾਰਾ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ। ਪੁਲਸ ਵਲੋਂ ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਪਤਾ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ।


author

Gurminder Singh

Content Editor

Related News