ਏ. ਟੀ. ਐੱਮ. ਕਾਰਡਾਂ ਰਾਹੀਂ 2 ਦੇ ਖਾਤਿਆਂ ਚੋਂ ਉਡਾਏ 3 ਲੱਖ
Monday, Oct 23, 2017 - 01:27 AM (IST)
ਨੂਰਪੁਰਬੇਦੀ, (ਅਵਿਨਾਸ਼) : ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸ ਕੇ ਵੱਖ-ਵੱਖ ਥਾਵਾਂ 'ਚ 2 ਜਣਿਆਂ ਨਾਲ ਏ. ਟੀ. ਐੱਮ. ਕਾਰਡ ਰਾਹੀਂ 3 ਲੱਖ ਦੀ ਠੱਗੀ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਬਲਾਕ ਨੂਰਪੁਰਬੇਦੀ ਦੇ ਨਜ਼ਦੀਕੀ ਪਿੰਡ ਬਾੜੀਆਂ ਦੇ ਸੇਵਾ ਮੁਕਤ ਬਿਜਲੀ ਮੁਲਾਜ਼ਮ ਪ੍ਰਗਟ ਸਿੰਘ ਦੇ ਖਾਤੇ 'ਚੋਂ ਏ. ਟੀ. ਐੱਮ. ਰਾਹੀਂ ਇਕ ਦਿਨ 'ਚ ਹੀ 1 ਲੱਖ 49 ਹਜ਼ਾਰ ਰੁਪਏ ਕਢਵਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਬਾੜੀਆਂ ਨੇ ਦੱਸਿਆ ਕਿ ਮੇਰੀ ਪੈਨਸ਼ਨ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਨੂਰਪੁਰਬੇਦੀ (ਮੋਜੂਦਾ ਸਟੇਟ ਬੈਂਕ ਆਫ ਇੰਡੀਆ) 'ਚ ਆਉਂਦੀ ਹੈ ਤੇ ਮੈਂ ਆਪਣੇ ਖਾਤੇ 'ਚੋਂ 3 ਅਕਤੂਬਰ ਨੂੰ ਪੈਸੇ ਕਢਵਾਏ ਸਨ। ਉਸ ਦੌਰਾਨ ਮੇਰੀ ਪੈਨਸ਼ਨ ਮਿਲਾ ਕੇ ਬਕਾਇਆ 1 ਲੱਖ 49 ਹਜ਼ਾਰ 76 ਰੁਪਏ ਸਨ ਪਰ ਜਦੋਂ ਮੈਂ ਆਪਣੀ ਐੱਲ. ਆਈ. ਸੀ. ਦੀ ਕਿਸ਼ਤ ਲਈ ਪੈਸੇ ਕਢਵਾਉਣ ਬੈਂਕ ਗਿਆ ਤਾਂ ਬੈਂਕ ਮੁਲਾਜ਼ਮ ਨੇ ਕਿਹਾ ਕਿ ਤੁਹਾਡੇ ਖਾਤੇ 'ਚ ਤਾਂ 76 ਰੁਪਏ ਬਕਾਇਆ ਹਨ ਤਾਂ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੱਸਿਆ ਕਿ ਜਦੋਂ ਮੈਂ ਬੈਂਕ ਕੋਲੋਂ ਆਪਣੇ ਖਾਤੇ ਦਾ ਵੇਰਵਾ ਲਿਆ ਤਾਂ ਉਸ 'ਚੋਂ 10 ਅਕਤੂਬਰ ਨੂੰ ਇਕੋ ਦਿਨ 'ਚ 1 ਲੱਖ 49 ਹਜ਼ਾਰ ਰੁਪਏ ਏ. ਟੀ. ਐੱਮ. ਜ਼ਰੀਏ ਕਢਵਾਏ ਗਏ ਸਨ।

ਬੈਂਕ ਵਾਲਿਆਂ ਨੇ ਕਿਹਾ ਕਿ ਤੁਹਾਡੇ ਨਾਲ ਤਾਂ ਠੱਗੀ ਹੋ ਗਈ, ਹਾਲਾਂਕਿ ਬੈਂਕ ਦੇ ਏ. ਟੀ. ਐੱਮ. ਕਾਰਡ ਦੀ ਇਕ ਦਿਨ ਦੀ ਲਿਮਟ ਸਿਰਫ 40,000 ਰੁਪਏ ਹੈ। ਫਿਰ ਇਹ ਕਿਵੇਂ ਹੋਇਆ? ਪ੍ਰਗਟ ਸਿੰਘ ਨੇ ਬੈਂਕ ਦੇ ਉੱਚ ਅਧਿਕਾਰੀਆਂ, ਆਰ.ਬੀ.ਆਈ. ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਨਾਲ ਹੋਈ ਠੱਗੀ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਕੋਈ ਹੋਰ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੇ।
ਜਾਡਲਾ (ਜਸਵਿੰਦਰ)- ਇਸੇ ਤਰ੍ਹਾਂ ਗੁਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਜਾਵਲਪੁਰ ਨੇ ਦੱਸਿਆ ਕਿ 15 ਅਕਤੂਬਰ ਨੂੰ ਬਾਂਦ੍ਰਾ ਸ਼ਹਿਰ ਮੁੰਬਈ ਤੋਂ ਉਨ੍ਹਾਂ ਨੂੰ ਇਕ ਕਾਲ ਆਈ ਕਿ ਤੁਹਾਡਾ ਬੈਂਕ ਖਾਤਾ ਬਦਲੀ ਹੋਣਾ ਹੈ, ਤੁਸੀਂ ਆਪਣਾ ਆਧਾਰ ਕਾਰਡ ਤੇ ਏ. ਟੀ. ਐੱਮ. ਕਾਰਡ ਨੰਬਰ ਸਾਨੂੰ ਦੱਸ ਦਿਓ। ਉਕਤ ਵਿਅਕਤੀ ਨੇ ਗੁਰਦੀਪ ਸਿੰਘ ਨੂੰ ਭਰੋਸੇ 'ਚ ਲੈਂਦਿਆਂ ਦੱਸਿਆ ਕਿ ਤੁਸੀਂ ਘਬਰਾਓ ਨਾ, ਅਸੀਂ ਹੈੱਡ ਬ੍ਰਾਂਚ ਤੋਂ ਗੱਲ ਕਰ ਰਹੇ ਹਾਂ। ਉਸ ਦੇ ਭਰੋਸੇ 'ਚ ਆ ਕੇ ਗੁਰਦੀਪ ਸਿੰਘ ਨੇ ਆਪਣੇ ਆਧਾਰ ਕਾਰਡ ਤੇ ਏ.ਟੀ.ਐੱਮ. ਕਾਰਡ ਨੰਬਰ ਉਕਤ ਵਿਅਕਤੀ ਨੂੰ ਦੇ ਦਿੱਤੇ। ਪੀੜਤ ਨੇ ਦੱਸਿਆ ਕਿ 16 ਅਕਤੂਬਰ ਨੂੰ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ। ਦੋ ਦਿਨਾਂ 'ਚ ਖਾਤੇ 'ਚੋਂ ਡੇਢ ਲੱਖ ਦੀ ਰਾਸ਼ੀ ਕਢਵਾ ਲਈ ਗਈ। ਜਦੋਂ ਉਹ ਇਸ ਨੰਬਰ 'ਤੇ ਕਾਲ ਕਰਦਾ ਹੈ ਤਾਂ ਉਸ ਠੱਗ ਵੱਲੋਂ ਹਾਲੇ ਵੀ ਇਹ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਫਿਕਰ ਨਾ ਕਰੋ, ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਪੀਤੜ ਨੇ ਇਨਸਾਫ ਲਈ ਐੱਸ. ਐੱਸ. ਪੀ. ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਲਿਖਤੀ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਹੈ।
