CIA ਫਾਜ਼ਿਲਕਾ ਤੇ BSF ਵਲੋਂ 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
Friday, Dec 26, 2025 - 03:20 PM (IST)
ਜਲਾਲਾਬਾਦ (ਆਦਰਸ਼, ਜੋਸਨ, ਜਤਿੰਦਰ) : ਸੀਨੀਅਰ ਕਪਤਾਨ ਪੁਲਸ ਫਾਜ਼ਿਲਕਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ. ਆਈ. ਏ ਫਾਜ਼ਿਲਕਾ ਦੀ ਨਿਗਰਾਨੀ ਹੇਠ ਏ. ਐੱਸ. ਆਈ. ਰਣਜੀਤ ਸਿੰਘ ਵੱਲੋਂ ਗਸ਼ਤ ਦੌਰਾਨ ਬੀ. ਐੱਸ. ਐੱਫ ਨਾਲ ਮਿਲ ਕੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਇਕ ਕਿੱਲੋ 95 ਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰਦੇ ਹੋਏ ਪੀ. ਪੀ. ਐੱਸ. ਡੀ. ਐੱਸ. ਪੀ. ਇਨਵੈਸਟੀਗੇਸ਼ਨ ਫ਼ਾਜ਼ਿਲਕਾ ਦੀਪਇੰਦਰ ਸਿੰਘ ਨੇ ਦੱਸਿਆ ਕਿ 24 ਦਸੰਬਰ ਨੂੰ ਜਾਂਚ ਅਧਿਕਾਰੀ ਰਣਜੀਤ ਸਿੰਘ ਸੀ. ਆਈ. ਏ ਦੀ ਟੀਮ ਗਸ਼ਤ ਅਤੇ ਚੈਕਿੰਗ ਕਰ ਰਹੀ ਸੀ।
ਇਸ ਦੌਰਾਨ ਕੁੱਝ ਸ਼ੱਕੀ ਪੁਰਸ਼ ਪਿੰਡ ਚੱਕ ਬਜੀਦਾ ਤੋਂ ਲਿੰਕ ਰੋਡ ਢਾਣੀ ਅਮੀਰ ਸਿੰਘ ਨੂੰ ਜਾ ਰਹੇ ਸਨ। ਇੰਸਪੈਕਟਰ ਸੰਦੀਪ ਮਲਿਕ ਅਤੇ ਬੀ. ਐੱਸ. ਐੱਫ. ਨੇ ਮਿਲ ਕੇ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ। ਉਨ੍ਹਾਂ ਕੋਲੋਂ 535 ਗ੍ਰਾਮ ਹੈਰੋਇਨ ਬਰਾਮਦ ਹੋਈ। ਪੀ. ਪੀ. ਐੱਸ. ਡੀ.ਐੱਸ.ਪੀ ਇਨਵੈਸਟੀਗੇਸ਼ਨ ਜਲਾਲਾਬਾਦ ਦੀਪਇੰਦਰ ਸਿੰਘ ਆਖਿਆ ਕਿ ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਨੈਬੂ ਪੁੱਤਰ ਮੁਖਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਹਰਭਜਨ ਸਿੰਘ ਵਾਸੀਆਨ ਬਸਤੀ ਕੇਰਾਂ ਵਾਲੀ ਥਾਣਾ ਸਦਰ ਜਲਾਲਾਬਾਦ ਵਜੋਂ ਹੋਈ। ਉਨ੍ਹਾਂ ਕਿਹਾ ਕਿ ਦੌਰਾਨੇ ਤਫਤੀਸ਼ ਮਿਤੀ 25 ਦਸੰਬਰ ਨੂੰ ਦੋਸ਼ੀਆਨ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਉਨ੍ਹਾਂ ਪਾਸੋਂ 560 ਗ੍ਰਾਮ ਹੈਰੋਇਨ, 01 ਮੈਗਜ਼ੀਨ, 01 ਰੌਂਦ ਜ਼ਿੰਦਾ ਅਤੇ ਦੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਜਾਂਚ ਜਾਰੀ ਹੈ।
