ਕੈਪਟਨ ਦੇ 80 ਦਿਨਾਂ ਦੇ ਰਾਜ ''ਚ 70 ਕਿਸਾਨਾਂ ਨੇ ਕੀਤੀ ਖੁਦਕੁਸ਼ੀ : ਭਾਜਪਾ
Friday, Jun 09, 2017 - 02:30 AM (IST)
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 80 ਦਿਨਾਂ ਦੇ ਸ਼ਾਸਨ ਕਾਲ ਵਿਚ 70 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਉਹ ਬਿਆਨ ਦਿੰਦੇ ਹਨ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਬਦਹਾਲੀ ਉਤੇ। ਇਸ ਸਮੇਂ ਹਮਦਰਦੀ ਦੀ ਜੇਕਰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਉਹ ਹੈ ਪੰਜਾਬ ਦੇ ਕਿਸਾਨਾਂ ਨੂੰ। ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ।
ਜੋਸ਼ੀ ਨੇ ਦੱਸਿਆ ਕਿ ਪੰਜਾਬ ਵਿਚ 70 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਕੈਪਟਨ ਦੇ ਚੋਣ ਵਾਅਦੇ ਮੁਤਾਬਿਕ 10 ਲੱਖ ਰੁਪਏ ਸਹਾਇਤਾ ਰਾਸ਼ੀ ਦੇ ਨਾਲ ਸਰਕਾਰੀ ਨੌਕਰੀ ਦਾ ਇੰਤਜ਼ਾਰ ਕਰ ਰਹੇ ਹਨ। ਕਈ ਹਜ਼ਾਰ ਏਕੜ ਫਸਲ ਅੱਗ ਦੀ ਭੇਟ ਚੜ੍ਹ ਚੁੱਕੀ ਹੈ, ਕਈ ਹਜ਼ਾਰ ਏਕੜ ਬਾਰਿਸ਼ ਦੇ ਕਾਰਨ ਖਰਾਬ ਹੋ ਚੁੱਕੀ ਹੈ ਅਤੇ ਕਿਸਾਨ ਤੁਹਾਡੇ ਚੋਣ ਵਾਅਦੇ ਮੁਤਾਬਿਕ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦੇ ਇੰਤਜ਼ਾਰ ਵਿਚ ਬੈਠਾ ਹੈ।
ਕੈਪਟਨ ਨੇ ਆਪਣੇ ਚੋਣ ਵਾਅਦੇ ਮੁਤਾਬਿਕ ਮੁਫ਼ਤ ਬਿਜਲੀ ਤਾਂ ਬੰਦ ਨਹੀਂ ਕੀਤੀ, ਪਰ ਬਿਜਲੀ ਦੀ ਸਪਲਾਈ ਬੰਦ ਪਈ ਹੈ। ਕੈਪਟਨ ਦੇ ਕੁਰਕੀ ਖਤਮ ਕਰਨ ਦੇ ਆਦੇਸ਼ਾਂ ਦੇ ਬਾਵਜੂਦ ਕੁਰਕੀ ਬਾ-ਦਸਤੂਰ ਜਾਰੀ ਹੈ, ਬੈਂਕ ਕਿਸਾਨਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾ ਰਹੇ ਹਨ। ਗਰੇਵਾਲ ਅਤੇ ਜੋਸ਼ੀ ਨੇ ਕੈਪਟਨ ਅਮਰਿੰਦਰ ਅਤੇ ਸੁਨੀਲ ਜਾਖੜ ਨੂੰ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਤੁਹਾਡੇ ਚੋਣ ਵਾਅਦਿਆਂ ਦੇ ਕਾਰਨ ਤੁਹਾਨੂੰ ਸੱਤਾ ਸੌਂਪੀ ਹੈ, ਬਹਾਨੇ ਨਾ ਬਣਾਓ, ਵਾਅਦੇ ਪੂਰੇ ਕਰੋ, ਨਹੀਂ ਤਾਂ ਭਾਜਪਾ ਨੂੰ ਕਿਸਾਨਾਂ ਦੇ ਨਾਲ ਮਿਲ ਕੇ ਜਨ ਅੰਦੋਲਨ ਕਰਨਾ ਪਵੇਗਾ।
