ਕਹਿਰ ਓ ਰੱਬਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ

Sunday, Apr 05, 2026 - 11:04 AM (IST)

ਕਹਿਰ ਓ ਰੱਬਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਰਾਜ ਮਿਸਤਰੀ ਦੀ ਮੌਤ

ਤਰਨਤਾਰਨ(ਰਮਨ) : ਇਕ ਘਰ ਦੀ ਛੱਤ 'ਤੇ ਉਸਾਰੀ ਦਾ ਕੰਮ ਕਰ ਰਹੇ ਰਾਜ ਮਿਸਤਰੀ ਦੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦਾ ਅਤਿ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਭਿਆਨਕ ਹਾਦਸੇ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਪਾਵਰ ਕਾਰਪੋਰੇਸ਼ਨ ਵਿਭਾਗ ਤੋਂ ਇਨ੍ਹਾਂ ਖ਼ਤਰਨਾਕ ਤਾਰਾਂ ਨੂੰ ਤੁਰੰਤ ਹਟਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ ਦਾ ਮੌਸਮ:  7 ਤੇ 8 ਅਪ੍ਰੈਲ ਦੀ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਵੱਲੋਂ Orange Alert ਜਾਰੀ

ਮਿਲੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਵਿਚ ਤਾਇਨਾਤ ਏ.ਐੱਸ.ਆਈ. ਗੁਰਜੀਤ ਸਿੰਘ, ਜੋ ਫੋਕਲ ਪੁਆਇੰਟ ਤਰਨਤਾਰਨ ਵਿਖੇ ਰਹਿੰਦੇ ਹਨ, ਆਪਣੇ ਘਰ ਦੀ ਤੀਸਰੀ ਮੰਜ਼ਿਲ ਉੱਪਰ ਉਸਾਰੀ ਦਾ ਕੰਮ ਕਰਵਾ ਰਹੇ ਸਨ। ਇਸ ਕੰਮ ਲਈ ਨਜ਼ਦੀਕੀ ਪਿੰਡ ਝੰਡੇਰ ਦਾ ਨਿਵਾਸੀ ਸੋਨਾ ਸਿੰਘ ਉਰਫ਼ ਪ੍ਰਿੰਸ ਬਤੌਰ ਰਾਜ ਮਿਸਤਰੀ ਕੰਮ ਕਰ ਰਿਹਾ ਸੀ। ਸ਼ਨੀਵਾਰ ਸਵੇਰੇ ਕਰੀਬ 11 ਵਜੇ ਜਦੋਂ ਸੋਨਾ ਸਿੰਘ ਛੱਤ ’ਤੇ ਕੰਮ ਕਰ ਰਿਹਾ ਸੀ, ਤਾਂ ਘਰ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ (32 ਕੇ.ਵੀ.) ਤਾਰਾਂ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਰੰਟ ਇੰਨਾ ਜ਼ਬਰਦਸਤ ਸੀ ਕਿ ਸੋਨਾ ਸਿੰਘ ਦਾ ਸਰੀਰ ਬੁਰੀ ਤਰ੍ਹਾਂ ਸੜ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਘਰ ਦੇ ਬਾਹਰ ਲੱਗੇ ਮੀਟਰ ਵੀ ਸੜ ਗਏ ਅਤੇ ਇਲਾਕੇ ਦੀ ਬਿਜਲੀ ਗੁਲ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਗੜੇਮਾਰੀ ਨਾਲ ਚਿੱਟੀਆਂ ਹੋਈਆਂ ਸੜਕਾਂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਵਰ ਕਾਰਪੋਰੇਸ਼ਨ ਦੇ ਐੱਸ.ਡੀ.ਓ. ਅਤੇ ਤਕਨੀਕੀ ਜੇ. ਈ. ਮੌਕੇ ’ਤੇ ਪਹੁੰਚੇ। ਵੇਰਕਾ (ਅੰਮ੍ਰਿਤਸਰ) ਤੋਂ ਆਏ ਤਕਨੀਕੀ ਜੇ.ਈ. ਨੇ ਦੱਸਿਆ ਕਿ ਇਹ ਹਾਈ ਵੋਲਟੇਜ ਤਾਰਾਂ ਸਾਲ 1972 ਤੋਂ ਇਸ ਇਲਾਕੇ ਵਿਚੋਂ ਲੰਘ ਰਹੀਆਂ ਹਨ। ਉਸ ਸਮੇਂ ਹੇਠਾਂ ਖੇਤ ਹੁੰਦੇ ਸਨ ਪਰ ਹੁਣ ਲੋਕਾਂ ਨੇ ਬਿਨਾਂ ਨਕਸ਼ਾ ਪਾਸ ਕਰਵਾਏ ਇਨ੍ਹਾਂ ਤਾਰਾਂ ਦੇ ਹੇਠਾਂ ਉੱਚੀਆਂ ਇਮਾਰਤਾਂ ਦੀ ਉਸਾਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਡਿਪਟੀ ਕਮਿਸ਼ਨਰ ਨੂੰ ਇਨ੍ਹਾਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਲਿਖਿਆ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਮੁੰਡਾ ਰੱਖੀ ਬੈਠਾ ਸੀ ਅੱਧਾ ਕਿਲੋ ਤੋਂ ਵੱਧ IED, ਹੋ ਜਾਣੀ ਸੀ ਵੱਡੀ ਵਾਰਦਾਤ

ਮ੍ਰਿਤਕ ਸੋਨਾ ਸਿੰਘ ਆਪਣੇ ਪਿੱਛੇ ਪਤਨੀ ਅਤੇ ਚਾਰ ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਦੇ ਕਮਾਊ ਜੀਅ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਰ ਦੇ ਮਾਲਕ ਏ.ਐੱਸ.ਆਈ. ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਿਸਤਰੀ ਨੂੰ ਤਾਰਾਂ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਸੀ ਪਰ ਕੰਧ ਟੱਪ ਕੇ ਦੂਜੇ ਪਾਸੇ ਜਾਣ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਥਾਣਾ ਸਿਟੀ ਦੇ ਏ.ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News