ਪਿੰਡ ਪੰਡੋਰੀ ਦੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

Wednesday, Apr 15, 2026 - 02:32 PM (IST)

ਪਿੰਡ ਪੰਡੋਰੀ ਦੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕੁਤਬਾ ਨੇੜੇ ਬਠਿੰਡਾ ਬ੍ਰਾਂਚ ਨਹਿਰ ਦੀ ਪਟੜੀ ਨਾਲ ਲੱਗਦੇ ਕਿਸਾਨ ਦੇ ਖੇਤ ਵਿਚੋਂ ਇਕ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ ਹੈ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਸੀ। 

ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਏ.ਐੱਸ.ਆਈ. ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਤਬਾ ਦੇ ਨਜ਼ਦੀਕ ਨਹਿਰ ਦੀ ਪਟੜੀ ਨਾਲ ਲੱਗਦੇ ਖੇਤ ਵਿਚ ਬਣੀ ਕੋਠੀ ਕੋਲ ਇਕ ਅਣਪਛਾਤੀ ਲਾਸ਼ ਪਈ ਹੈ। ਸੂਚਨਾ ਮਿਲਣ ਉਪਰੰਤ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜਾਇਜ਼ਾ ਲੈਣ ‘ਤੇ ਪਤਾ ਲੱਗਿਆ ਕਿ ਇਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਵੱਲੋਂ ਲਾਸ਼ ਕਬਜ਼ੇ ਵਿਚ ਲੈਣ ਤੋਂ ਬਾਅਦ ਪਿੰਡ ਪੰਡੋਰੀ ਤੋਂ ਇਕ ਕਿਸਾਨ ਪਰਿਵਾਰ ਦੀ ਨੂੰਹ ਜਸਪ੍ਰੀਤ ਕੌਰ ਸਮੇਤ ਹੋਰ ਪਿੰਡ ਵਾਸੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੀ ਹਾਜ਼ਰੀ ਵਿਚ ਮ੍ਰਿਤਕ ਦੀ ਪਛਾਣ ਅਜਮੇਰ ਸਿੰਘ (70) ਪੁੱਤਰ ਗੁਰਦਿਆਲ ਸਿੰਘ ਵਾਸੀ ਪੰਡੋਰੀ ਵਜੋਂ ਹੋਈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜਮੇਰ ਸਿੰਘ ਨੂੰ ਕਰੀਬ ਦੋ ਮਹੀਨੇ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਜਸਵਿੰਦਰ ਕੌਰ, ਪੁੱਤਰ ਸੰਤੋਖ ਸਿੰਘ ਅਤੇ ਨੂੰਹ ਜਸਪ੍ਰੀਤ ਕੌਰ ਨੂੰ ਰੋਂਦਿਆਂ ਕਲਾਉਂਦਿਆਂ ਛੱਡ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਪਰਿਵਾਰ ਵੱਲੋਂ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਕਿਸੇ ਹੋਰ ਕਾਨੂੰਨੀ ਕਾਰਵਾਈ ਲਈ ਅਰਜ਼ੀ ਨਹੀਂ ਦਿੱਤੀ ਗਈ। 


author

Anmol Tagra

Content Editor

Related News