ਪੰਜਾਬ ''ਚ ਚਾਰ ਵਿਦਿਆਰਥੀਆਂ ਸਣੇ 6 ਨੌਜਵਾਨ ਲਾਪਤਾ, ਪਈਆਂ ਭਾਜੜਾਂ
Saturday, May 24, 2025 - 05:47 PM (IST)

ਫਿਰੋਜ਼ਪੁਰ (ਸੰਨੀ ਚੋਪੜਾ)- ਫਿਰੋਜ਼ਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ 12ਵੀਂ ਜਮਾਤ ਦੇ ਚਾਰ ਵਿਦਿਆਰਥੀਆਂ ਸਣੇ 6 ਵਿਅਕਤੀ ਬੀਤੀ ਸ਼ਾਮ ਤੋਂ ਲਾਪਤਾ ਹੋ ਗਏ ਹਨ। ਚਾਰ ਵਿਦਿਆਰਥੀਆਂ ਤੋਂ ਇਲਾਵਾ ਇਕ ਇਨਵਰਟਰ ਠੀਕ ਕਰਨ ਵਾਲਾ ਅਤੇ ਇਕ ਪਿੱਜ਼ਾ ਡਿਲਿਵਰੀ ਕਰਨ ਵਾਲਾ ਨੌਜਵਾਨ ਸ਼ਾਮਲ ਹਨ। 18 ਘੰਟੇ ਬੀਤਣ ਦੇ ਬਾਅਦ ਇਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਸ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਪਤਾ ਹੋਏ ਮੁੰਡਿਆਂ ਦਾ ਫੋਨ ਵੀ ਬੰਦ ਆ ਰਿਹਾ ਹੈ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਅਦਾਲਤ 'ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਸਾਡੇ ਬੱਚੇ ਦਾ ਦੋਸਤ ਜੋ ਉਸ ਦੇ ਨਾਲ ਬਾਰਵੀਂ ਜਮਾਤ ਵਿੱਚ ਪੜ੍ਹਦਾ ਹੈ ਉਹ ਸਾਡੇ ਬੱਚੇ ਨੂੰ ਘਰੋਂ ਨਾਲ ਲੈ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ। ਸਾਰੀ ਰਾਤ ਸਾਰਿਆਂ ਦੀ ਭਾਲ ਕਰਨ ਬਾਅਦ ਵੀ ਕਿਸੇ ਦਾ ਕੁਝ ਸੁਰਾਗ ਨਹੀਂ ਲੱਗਿਆ। ਇਸ ਦੀ ਸ਼ਿਕਾਇਤ ਸਾਡੇ ਵੱਲੋਂ ਥਾਣਾ ਸਿਟੀ ਪੁਲਸ ਨੂੰ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਵੀ ਜਾਂਚ-ਪੜ੍ਹਤਾਲ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਹੱਥ ਅਜੇ ਤੱਕ ਕੁਝ ਨਹੀਂ ਲੱਗਿਆ।
ਪੀੜਤ ਪਰਿਵਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਲਦ ਤੋਂ ਜਲਦ ਭਾਲ ਕਰਕੇ ਸਾਨੂੰ ਦੇਣ। ਲਾਪਤਾ ਹੋਏ 6 ਮੁੰਡਿਆਂ ਵਿੱਚੋਂ ਚਾਰ ਬਾਰਵੀਂ ਜਮਾਤ ਦੇ ਇਕੋ ਕਲਾਸ ਅਤੇ ਇਕੋ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਹਨ। ਇਕ ਲਾਪਤਾ ਹੋਇਆ ਨੌਜਵਾਨ ਪਿੱਜ਼ਾ ਡਿਲਿਵਰੀ ਬੁਆਏ ਹੈ ਅਤੇ ਦੂਜਾ ਇਨਵਰਟਰ ਠੀਕ ਕਰਨ ਵਾਲਾ ਨੌਜਵਾਨ ਹੈ।
ਉੱਥੇ ਹੀ ਡੀ. ਐੱਸ. ਪੀ. ਸਿਟੀ ਵਿਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲੋਂ ਇਸ ਸਬੰਧੀ ਸ਼ਿਕਾਇਤ ਪਹੁੰਚੀ ਹੈ ਅਤੇ ਮਾਨਯੋਗ ਐੱਸ. ਐੱਸ. ਪੀ. ਵੱਲੋਂ ਸਾਡੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸਾਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਸਾਡੀਆਂ ਸਾਰੀਆਂ ਟੀਮਾਂ ਹੀ ਇਨ੍ਹਾਂ ਲਾਪਤਾ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲੱਭਣ ਲਈ ਲੱਗੀਆਂ ਹੋਈਆਂ ਹਨ ਅਤੇ ਜਿਵੇਂ ਹੀ ਇਨ੍ਹਾਂ ਦਾ ਕੋਈ ਸੁਰਾਗ ਲੱਗਦਾ ਹੈ ਤਾਂ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਇਤਲਾਹ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ DC ਦਫ਼ਤਰ ’ਚ ਵਧੀ ਹਲਚਲ, ਮਲਾਈਦਾਰ ਸੀਟਾਂ 'ਤੇ ਤਾਇਨਾਤ ਮੁਲਾਜ਼ਮ ਸਹਿਮੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e