28291 ਨਸ਼ੀਲੀਆਂ ਗੋਲੀਆਂ ਤੇ 1448 ਕੈਪਸੂਲਾਂ ਸਮੇਤ 4 ਗ੍ਰਿਫ਼ਤਾਰ
Wednesday, Jan 22, 2025 - 04:35 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਜ਼ਿਲ੍ਹਾ ਫਿਰੋਜ਼ਪੁਰ 'ਚ ਵੱਖ-ਵੱਖ ਥਾਵਾਂ ’ਤੇ ਗਸ਼ਤ ਅਤੇ ਚੈਕਿੰਗ ਦੌਰਾਨ 4 ਵਿਅਕਤੀਆਂ ਨੂੰ 28291 ਨਸ਼ੀਲੀਆਂ ਗੋਲੀਆਂ ਅਤੇ 1448 ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਪਤਾਲ ਐੱਸ. ਟੀ. ਐੱਫ. ਰੇਂਜ ਫਿਰੋਜ਼ਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਮੱਖੂ ਗੇਟ ਕੋਲ ਮੌਜੂਦ ਸੀ। ਉਨ੍ਹਾਂ ਨੂੰ ਪਤਾ ਲੱਗਾ ਕਿ ਕ੍ਰਿਸ਼ਨਾ ਨਗਰੀ ਨੇੜੇ ਖੰਨਾ ਨਰਸਿੰਗ ਹੋਮ ਸਿਟੀ ਫਿਰੋਜ਼ਪੁਰ ਵਿਖੇ ਰਮਨ ਕੁਮਾਰ ਪੁੱਤਰ ਮੁਲਖ ਰਾਜ ਤੇ ਕੁਨਾਲ ਕਪੂਰ ਪੁੱਤਰ ਰਮਨ ਕੁਮਾਰ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਰੱਖੀਆਂ ਹੋਈਆਂ ਹਨ।
ਮੌਕੇ ’ਤੇ ਚੈਕਿੰਗ ਦੌਰਾਨ 17180 ਗੋਲੀਆਂ ਵੱਖ-ਵੱਖ ਮਾਰਕੇ ਦੀਆਂ ਅਤੇ 260 ਕੈਪਸੂਲ ਬਰਾਮਦ ਹੋਏ। ਸਹਾਇਕ ਥਾਣੇਦਾਰ ਸਤਪਾਲ ਐੱਸ. ਟੀ. ਐੱਫ. ਰੇਂਜ ਫਿਰੋਜ਼ਪੁਰ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਡਰੱਗ ਕੰਟਰੋਲਰ ਦੀ ਟੀਮ ਵੱਲੋਂ ਮੈਸ. ਪੀਕੇ ਮੈਡੀਕਲ ਏਜੰਸੀ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਪਵਨ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਕ੍ਰਿਸ਼ਨਾ ਨਗਰੀ ਨੇੜੇ ਖੰਨਾ ਨਰਸਿੰਗ ਹੋਮ ਸਿਟੀ ਫਿਰੋਜ਼ਪੁਰ ਅਤੇ ਰਜਤ ਬਦਵਾਰ ਪੁੱਤਰ ਓਮ ਪ੍ਰਕਾਸ਼ ਵਾਸੀ ਨੇੜੇ ਪਿੱਪਲ ਵਾਲਾ ਚੌਕ ਮੱਖੂ ਗੇਟ ਸਿਟੀ ਫਿਰੋਜ਼ਪੁਰ ਕੋਲੋਂ ਪਾਬੰਦੀਸ਼ੁਦਾ 11111 ਗੋਲੀਆਂ ਵੱਖ-ਵੱਖ ਮਾਰਕੇ ਦੀਆਂ ਅਤੇ 1188 ਕੈਪਸੂਲ ਬਰਾਮਦ ਹੋਏ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।