3 ਨੌਜਵਾਨਾਂ ਨੇ 25 ਸਾਲਾ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਉਤਾਰਿਆ ਮੌਤ ਦੇ ਘਾਟ
Saturday, Aug 12, 2023 - 05:24 AM (IST)
ਪਾਇਲ (ਵਿਨਾਇਕ)-ਥਾਣਾ ਪਾਇਲ ਅਧੀਨ ਪੈਂਦੇ ਪਿੰਡ ਜਰਗੜੀ ’ਚ 3 ਨੌਜਵਾਨਾਂ ਵੱਲੋਂ ਆਪਣੇ ਪਿੰਡ ਦੇ ਇਕ 25 ਸਾਲਾ ਨੌਜਵਾਨ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬਾਅਦ ਵਿਚ ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਉਰਫ਼ ਪਿੰਦੀ ਪੁੱਤਰ ਸੁਖਦਰਸ਼ਨ ਸਿੰਘ ਉਰਫ ਭੋਲਾ ਵਾਸੀ ਪਿੰਡ ਜਰਗੜੀ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸ ਘਟਨਾ ਸਬੰਧੀ ਪਾਇਲ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਪਿਤਾ ਸੁਖਦਰਸ਼ਨ ਸਿੰਘ ਉਰਫ ਭੋਲਾ ਨੇ ਦੱਸਿਆ ਕਿ ਉਸ ਦਾ ਲੜਕਾ ਪਰਮਿੰਦਰ ਸਿੰਘ ਉਰਫ਼ ਪਿੰਦੀ, ਜਿਹੜਾ ਕਿ ਆਪਣੇ ਪਿੰਡ ਦੇ ਤਿੰਨ ਨੌਜਵਾਨਾਂ ਗੁਰਵਿੰਦਰ ਸਿੰਘ ਉਰਫ਼ ਸ਼ੈਂਪੀ ਪੁੱਤਰ ਭੁਪਿੰਦਰ ਸਿੰਘ, ਸੁਨੀਲ ਸਿੰਘ ਉਰਫ਼ ਬੱਗਾ ਪੁੱਤਰ ਲਖਵੀਰ ਸਿੰਘ ਅਤੇ ਜੱਸਾ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਜਰਗੜੀ, ਜ਼ਿਲ੍ਹਾ ਲੁਧਿਆਣਾ ਨਾਲ ਨਹਿਰ ’ਤੇ ਬੈਠਾ ਸੀ, ਜੋ ਨਸ਼ੇ ਦੇ ਆਦੀ ਹਨ, ਜਿਨ੍ਹਾਂ ਉਸ ਦੇ ਲੜਕੇ ਨੂੰ ਜ਼ਬਰਦਸਤੀ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ
ਉਸ ਦਾ ਲੜਕਾ ਪਰਮਿੰਦਰ ਸਿੰਘ ਉਰਫ਼ ਪਿੰਦੀ ਘਰ ਆਉਂਦੇ ਸਮੇਂ ਸੜਕ ’ਤੇ ਡਿੱਗ ਗਿਆ ਤਾਂ ਉਸ ਦੇ ਦੂਜੇ ਲੜਕੇ ਪ੍ਰਦੀਪ ਸਿੰਘ ਨੇ ਆਪਣੇ ਭਰਾ ਨੂੰ ਸੜਕ ’ਤੇ ਪਿਆ ਦੇਖਿਆ, ਜਿਸ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਬਹੁਤ ਜ਼ਿਆਦਾ ਮਾਤਰਾ ’ਚ ਖੁਆਈ ਸੀ ਅਤੇ ਘਰ ਪਹੁੰਚਦਿਆਂ ਹੀ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਪਾਇਲ ਪੁਲਸ ਨੇ ਇਸ ਘਟਨਾ ਸੰਬੰਧੀ ਧਾਰਾ 304 ਆਈ.ਪੀ.ਸੀ. ਤਹਿਤ ਤਿੰਨੋਂ ਨੌਜਵਾਨਾਂ ਗੁਰਵਿੰਦਰ ਸਿੰਘ ਉਰਫ਼ ਸ਼ੈਂਪੀ, ਸੁਨੀਲ ਸਿੰਘ ਉਰਫ਼ ਬੱਗਾ ਅਤੇ ਜੱਸਾ ਸਿੰਘ ਵਾਸੀ ਪਿੰਡ ਜਰਗੜੀ, ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ?
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਪਾਇਲ ਵਿਖੇ ਧਾਰਾ 304 ਆਈ. ਪੀ. ਸੀ. ਤਹਿਤ ਕਾਰਵਾਈ ਮੁਕੰਮਲ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਸਕੇਗੀ ਕਿ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ, ਜਿਸ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਸੁਨੀਲ ਸਿੰਘ ਉਰਫ ਬੱਗਾ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, ਜ਼ਮੀਨ ਦੀ ਫ਼ਰਦ ਬਦਲੇ ਰਿਸ਼ਵਤ ਲੈਂਦਾ ਸੇਵਾਦਾਰ ਕਾਬੂ