ਰਿਸ਼ਤੇਦਾਰਾਂ ਨਾਲ ਦੁੱਖ ਵੰਡਾਉਣ ਗਏ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਰਾਹ 'ਚ ਹੀ ਵਾਪਰ ਗਿਆ ਭਾਣਾ
Thursday, Jun 22, 2023 - 05:30 AM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ): ਬਟਾਲਾ ਦੇ ਕਸਬਾ ਹਰਚੋਵਾਲ ਤੋਂ ਪਿੰਡ ਔਲਖ ਨਜ਼ਦੀਕ ਬੁੱਧਵਾਰ ਸ਼ਾਮ ਇਕ ਦਰਦਨਾਕ ਹਾਦਸਾ ਵਾਪਰਿਆ। ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਦੋ ਔਰਤਾਂ ਸਮੇਤ 3 ਜੀਆਂ ਦੀ ਮੌਕੇ 'ਤੇ ਮੌਤ ਹੋ ਗਈ। ਇਹ ਤਿੰਨੋ ਆਪਣੇ ਕਿਸੇ ਰਿਸ਼ਤੇਦਾਰ ਦੇ ਦੇਹਾਂਤ ਹੋਣ 'ਤੇ ਉਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਆਪਣੇ ਪਿੰਡ ਵਾਪਿਸ ਜਾ ਰਹੇ ਸਨ ਜਦ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਇਹ ਖ਼ਬਰ ਵੀ ਪੜ੍ਹੋ - ਹੁਣ ਨਸ਼ੇ ਨਾਲ ਫੜੇ ਜਾਣ 'ਤੇ ਨਹੀਂ ਹੋਵੇਗੀ ਜੇਲ੍ਹ! ਨਸ਼ਿਆਂ ਦੀ ਵਰਤੋਂ ਨੂੰ ਅਪਰਾਧ ਮੁਕਤ ਕਰਨ ਦੀ ਤਿਆਰੀ 'ਚ ਸਰਕਾਰ
ਮੁੱਢਲੀ ਜਾਣਕਾਰੀ ਮੁਤਾਬਕ ਪੀ.ਬੀ. 06 ਈ 1527 ਇੰਡੀਗੋ ਕਾਰ ਚਾਲਕ ਹਰਚੋਵਾਲ ਕੀੜੀ ਮਿੱਲ ਰੋਡ 'ਤੇ ਜਾ ਰਿਹਾ ਸੀ, ਤਾਂ ਪਿੰਡ ਔਲਖ ਦੇ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਇਕ ਵਿਅਕਤੀ ਅਤੇ ਦੋ ਔਰਤਾਂ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਸਵਾਰ ਦੋ ਔਰਤਾਂ ਤੇ ਇਕ ਵਿਅਕਤੀ ਮੌਕੇ 'ਤੇ ਹੀ ਦਮ ਤੋੜ ਗਏ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਸ਼ਪਾਲ ਸਿੰਘ ਵਾਸੀ ਪਿੰਡ ਔਲਖ, ਸੋਨੀਆ ਵਾਸੀ ਪਿੰਡ ਔਲਖ ਅਤੇ ਰਿੰਪੀ ਵਾਸੀ ਪਿੰਡ ਧੰਨੇ ਚੀਮੇ ਵਜੋਂ ਹੋਈ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ ਇਕ ਬਜ਼ੁਰਗ ਦਾ ਦੇਹਾਂਤ ਹੋਇਆ ਸੀ ਜਿਸ ਦੇ ਅੰਤਿਮ ਸਸਕਾਰ 'ਚ ਇਹ ਤਿੰਨੇ ਵੀ ਆਏ। ਇਸ ਦੁੱਖ ਦੇ ਮਾਹੌਲ 'ਚ ਜਦ ਉਹ ਵਾਪਸ ਘਰ ਜਾ ਰਹੇ ਸਨ ਤਾਂ ਤੇਜ਼ ਰਫ਼ਤਾਰ ਕਾਰ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨਾਂ ਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਕੁੱਤਿਆਂ ਨੂੰ ਸੰਭਾਲਣ ਦੇ ਮਿਲਣਗੇ 1 ਕਰੋੜ ਰੁਪਏ, ਪ੍ਰਾਈਵੇਟ ਜੈੱਟ 'ਚ ਵੀ ਕਰ ਸਕੋਗੇ ਸਫ਼ਰ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੀ ਪੁਲਸ ਚੌਕੀ ਹਰਚੋਵਾਲ ਦੇ ਪੁਲਸ ਮੁਲਾਜ਼ਮ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ ਅਤੇ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।