ਖੇਡ ਵਿਭਾਗ ’ਚ ਕੋਚਾਂ ਦੀਆਂ 220 ਅਸਾਮੀਆਂ ਜਲਦ ਭਰੀਆਂ ਜਾਣਗੀਆਂ: ਮੀਤ ਹੇਅਰ
Wednesday, Sep 21, 2022 - 05:42 PM (IST)

ਚੰਡੀਗੜ੍ਹ - ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਖੇਡ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਜਿੱਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹੈ, ਉਥੇ ਕੋਚਾਂ ਦੀਆਂ ਖਾਲੀ ਪਈਆਂ 220 ਅਸਾਮੀਆਂ ਨੂੰ ਜਲਦ ਭਰਿਆ ਜਾ ਰਿਹਾ ਹੈ। ਖੇਡ ਮੰਤਰੀ ਮੀਤ ਹੇਅਰ ਅੱਜ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਵਿੱਚ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਕੋਈ ਉਪਰਾਲਾ ਨਹੀਂ ਕੀਤਾ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਪੁਲਸ ਨੂੰ ਇੱਕ ਵਾਰ ਫਿਰ ਮਿਲਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਟ੍ਰਾਂਜ਼ਿਟ ਰਿਮਾਂਡ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 220 ਖਾਲੀ ਅਸਾਮੀਆਂ ਭਰਨ ਦੇ ਨਾਲ-ਨਾਲ ਕੋਚਾਂ ਦੀਆਂ ਨਵੀਆਂ ਅਸਾਮੀਆਂ ਵੀ ਸਿਰਜੀਆਂ ਜਾਣਗੀਆਂ। ਖਿਡਾਰੀਆਂ ਨੂੰ ਘੱਟੋ-ਘੱਟ ਰਾਸ਼ਟਰੀ ਪੱਧਰ ਤੱਕ ਜ਼ਰੂਰੀ ਪਹੁੰਚਾਉਣ ਲਈ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਮ ’ਤੇ ਵਜ਼ੀਫਾ ਸਕੀਮ ਚਲਾਈ ਗਈ ਹੈ। ਇਸ ਸਕੀਮ ਤਹਿਤ ਰਾਸ਼ਟਰੀ ਪੱਧਰ ਉੱਤੇ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਸੀਨੀਅਰ ਖਿਡਾਰੀਆਂ ਨੂੰ 8000 ਰੁਪਏ ਪ੍ਰਤੀ ਮਹੀਨਾ ਅਤੇ ਅਤੇ ਜੂਨੀਅਰ ਖਿਡਾਰੀਆਂ ਨੂੰ 6000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਇਆ ਕਰੇਗਾ।
ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ : ਨਸ਼ੇੜੀ ਪੁੱਤ ਦਾ ਕਾਰਾ, ਸਿਰ ’ਚ ਬਾਲਾ ਮਾਰ ਕੀਤਾ ਪਿਓ ਦਾ ਕਤਲ
ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਨਾਲ ਖਿਡਾਰੀਆਂ ਨੂੰ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹ ਮਿਲੇਗਾ। ਹੁਣ ਤੱਕ ਦੀਆਂ ਸਰਕਾਰਾਂ ਨੇ ਕਦੇ ਖਿਡਾਰੀਆਂ ਲਈ ਸਮੇਂ ਸਿਰ ਖੇਡ ਸਾਮਾਨ ਖਰੀਦਣ ਲਈ ਫੰਡ ਨਹੀਂ ਜਾਰੀ ਕੀਤਾ। ‘ਆਪ’ ਸਰਕਾਰ ਨੇ ਛੇ ਸਾਲ ਬਾਅਦ ਖਿਡਾਰੀਆਂ ਦਾ ਸਮਾਨ ਖਰੀਦਣ ਲਈ ਬਜਟ ਰੱਖਿਆ। ਉਨ੍ਹਾਂ ਵਾਅਦਾ ਕੀਤਾ ਕਿ ਹਰ ਸਾਲ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ ਜਾਵੇਗਾ। ਨਵੀਂ ਖੇਡ ਪਾਲਸੀ ਤਹਿਤ ਖੇਡਾਂ ਲਈ ਵੱਖਰਾ ਕੇਡਰ ਤਿਆਰ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਸਕੇ। ਸ਼ਹੀਦ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਵਿਖੇ ਨਤਮਸਤਕ ਹੁੰਦਿਆਂ ਉਨ੍ਹਾਂ ਕਿਹਾ ਕਿ ਅਜ਼ਾਦੀ ਘੁਲਾਟੀਏ ਪਰਿਵਾਰਾਂ ਕਾਰਨ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਿਲ ਹੋਏ ਹਾਂ। ਪੰਜਾਬ ਸਰਕਾਰ ਸ਼ਹੀਦਾਂ ਦੇ ਸੁਫ਼ਨਿਆਂ ਦਾ ਸੂਬਾ ਸਿਰਜਣ ਲਈ ਯਤਨਸ਼ੀਲ ਹੈ।
ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ
ਇਸ ਤੋਂ ਪਹਿਲਾਂ ਉਨ੍ਹਾਂ ਨੇ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਸ਼ ਸਿੰਘ ਗਟਰਾ, ਉਪ ਪ੍ਰਧਾਨ ਪਰਮਜੀਤ ਕੌਰ ਭੱਟੀ, ਨਗਰ ਪੰਚਾਇਤ ਬੱਧਣੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਉਪ ਪ੍ਰਧਾਨ ਜਸਵੀਰ ਕੌਰ ਨੂੰ ਅਹੁਦਾ ਸੰਭਾਲਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਨੇ ਮੋਗਾ ਰੋਇੰਗ ਅਤੇ ਵਾਟਰ ਸਪੋਰਟਸ ਕਲੱਬ ਦੌਧਰ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਢੁੱਡੀਕੇ ਵਿਖੇ ਸਰਕਾਰੀ ਕਾਲਜ ਵਿੱਚ ਪੰਜ ਕਰੋੜ ਰੁਪਏ ਨਾਲ ਤਿਆਰ ਕੀਤੀ ਗਈ ਹਾਕੀ ਐਸਟਰੋਟਰਫ ਦਾ ਉਦਘਾਟਨ ਕਰਨ ਲਈ ਪਹੁੰਚਣ ਮੀਤ ਹੇਅਰ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ, ਐੱਸ.ਡੀ.ਐੱਮ.ਰਾਮ ਸਿੰਘ, ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਆਦਿ ਹਾਜ਼ਰ ਸਨ।
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ