ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਖੇਮਕਰਨ ਵਿਖੇ ਪਿਓ-ਪੁੱਤ ਮਗਰੋਂ ਹੁਣ ਦੂਜੇ ਪੁੱਤ ਦੀ ਵੀ ਹੋਈ ਮੌਤ
Monday, Oct 31, 2022 - 02:47 PM (IST)
ਤਰਨਤਾਰਨ (ਵਿਜੇ ਅਰੋੜਾ) : ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਵਿਚ ਅੱਜ ਨਸ਼ੇ ਕਾਰਨ 2 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਬਲਦੇਵ ਸਿੰਘ (43) ਅਤੇ ਨਿਸ਼ਾਨ ਸਿੰਘ (40) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਵਾਂ ਨੌਜਵਾਨਾਂ ਨੇ ਇਕੱਠੇ ਹੀ ਨਸ਼ੇ ਦੇ ਟੀਕੇ ਲਗਾਏ ਸਨ। ਇਸ ਸਬੰਧੀ ਜਾਣਕਾਰੀ ਮਿਲਣ 'ਤੇ ਲੋਕਾਂ ਨੇ ਉਨ੍ਹਾਂ ਨੂੰ ਇਲਾਜ ਲਈ ਵਲਟੋਹਾ ਦੇ ਨਿੱਜੀ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਦੋਵਾਂ ਨੂੰ ਹੀ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਮ੍ਰਿਤਕ ਨਿਸ਼ਾਨ ਸਿੰਘ ਵਾਸੀ ਵਲਟੋਹਾ ਦੇ ਪਿਤਾ ਅਤੇ ਭਰਾ ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਮ੍ਰਿਤਕ ਨਿਸ਼ਾਨ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਕੁੜੀਆਂ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ- 'ਆਪ' ਵਿਧਾਇਕ ਦੇ ਘਰ ਹੋਈ ਚੋਰੀ, ਕਰੀਬ 13 ਲੱਖ ਦਾ ਸੋਨਾ ਗਾਇਬ, ਨੌਕਰਾਣੀ 'ਤੇ ਸ਼ੱਕ
ਦੱਸਣਯੋਗ ਹੈ ਕਿ ਮ੍ਰਿਤਕ ਬਲਦੇਵ ਸਿੰਘ ਪਿੰਡ ਚੱਕਵਾਲੀਆ ਦੇ ਕਾਂਗਰਸੀ ਸਰਪੰਚ ਗੁਰਸਾਹਿਬ ਸਿੰਘ ਦਾ ਭਰਾ ਸੀ। ਇਸ ਮੌਕੇ ਪੰਜਾਬ ਡਰੱਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਨੌਜਵਾਨਾਂ ਦੀ ਮੌਤ ਦੇ ਜ਼ਿੰਮੇਵਾਰ ਥਾਣਾ ਵਲਟੋਹਾ ਦੀ ਪੁਲਸ ਨੂੰ ਮੰਨਦੇ ਹਨ ਕਿਉਂਕਿ ਪੁਲਸ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕਰ ਰਹੀ।ਦੂਜੇ ਪਾਸੇ ਪਿੰਡ ਦੇ ਨਸ਼ਾ ਛੁਡਾਓ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਸ. ਐੱਚ. ਓ. ਵਲਟੋਹਾ ਜਗਦੀਪ ਸਿੰਘ ਨੂੰ ਨਸ਼ੇ ਖ਼ਿਲਾਫ਼ ਪਹਿਲਾਂ ਹੀ ਮੈਮੋਰੰਡਮ ਦਿੱਤਾ ਹੈ ਪਰ ਉਕਤ ਐੱਸ. ਐੱਚ. ਓ. ਸਾਡੇ ਕੋਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛਦਾ ਹੈ। ਉਨ੍ਹਾਂ ਕਿਹਾ ਕਿ ਇਹ ਤਨਖਾਹ ਕਿਸ ਗੱਲ ਦੀ ਲੈ ਰਹੇ ਹਨ ਜੇਕਰ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਅਸੀਂ ਹੀ ਦੇਣੀ ਹੈ ਤਾਂ। ਜੇਕਰ ਅਸੀਂ ਕੁਝ ਦੱਸਣਾ ਵੀ ਚਾਹੁੰਦੇ ਹਾਂ ਤਾਂ ਪੁਲਸ ਥਾਣੇ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਤਲਾਹ ਕਰ ਦਿੰਦੀ ਹੈ, ਜਿਸ ਕਰਕੇ ਉਕਤ ਨਸ਼ਾ ਵੇਚਣ ਵਾਲੇ ਫ਼ਰਾਰ ਹੋ ਜਾਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਦਿਨਾਂ 'ਚ ਇਨ੍ਹਾਂ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿਵਾਇਆ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ- ਹਾਲ-ਏ-ਪੰਜਾਬ! ਗੁਰੂ ਨਗਰੀ ਤੋਂ ਬਾਅਦ ਹੁਣ ਫਿਰੋਜ਼ਪੁਰ ਵਿਖੇ ਨਸ਼ੇ 'ਚ ਧੁੱਤ ਔਰਤ ਦੀ ਵੀਡੀਓ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।