ਜ਼ੀਰਕਪੁਰ ਪੁਲਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
Sunday, Dec 29, 2024 - 03:29 PM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਪੁਲਸ ਨੇ ਸ਼ਹਿਰ ’ਚ ਮੋਟਰਸਾਈਕਲ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ ਤੋਂ ਪੁਲਸ ਨੇ 5 ਵੱਖ-ਵੱਖ ਥਾਵਾਂ ਤੋਂ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਵਾਸੀ ਲਾਲੜੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 21 ਦਸੰਬਰ ਨੂੰ ਸੁਨੀਲ ਵੀ. ਆਈ. ਪੀ. ਰੋਡ ’ਤੇ ਸਥਿਤ ਹਾਲੀਵੁੱਡ ਪਲਾਜ਼ਾ ’ਚ ਆਇਆ ਸੀ ਅਤੇ ਮੋਟਰਸਾਈਕਲ ਬਾਹਰ ਪਾਰਕ ਕੀਤਾ ਸੀ। ਜਦੋਂ ਉਹ ਕੁੱਝ ਸਮੇਂ ਬਾਅਦ ਵਾਪਸ ਆਇਆ ਤਾਂ ਮੋਟਰਸਾਈਕਲ ਗਾਇਬ ਸੀ। ਸੁਨੀਲ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਬਾਅਦ ਪੁਲਸ ਨੇ ਨਾਕਾਬੰਦੀ ਕਰ ਕੇ ਸੁਨੀਲ ਦੇ ਚੋਰੀ ਹੋਏ ਮੋਟਰਸਾਈਕਲ ’ਤੇ ਘੁੰਮ ਰਹੇ ਹਰਜਿੰਦਰ ਤੇ ਸੁਖਵਿੰਦਰ ਨੂੰ ਕਾਬੂ ਕਰ ਲਿਆ। ਇਸ ਦੌਰਾਨ ਜਦੋਂ ਪੁਲਸ ਨੇ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਤਾਂ ਉਹ ਦੋਵੇਂ ਇਸ ਦੇ ਕਾਗ਼ਜ਼ਾਤ ਨਹੀਂ ਦਿਖਾ ਸਕੇ ਅਤੇ ਸ਼ੱਕ ਦੇ ਆਧਾਰ ’ਤੇ ਪੁਲਸ ਨੇ ਹਰਜਿੰਦਰ ਤੇ ਸੁਖਵਿੰਦਰ ਨੂੰ ਹਿਰਾਸਤ ’ਚ ਲੈ ਲਿਆ। ਪੁਲਸ ਨੇ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਦੋਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਹਰਜਿੰਦਰ ਤੇ ਸੁਖਵਿੰਦਰ ਨੇ ਗੁਨਾਹ ਕਬੂਲਦਿਆਂ ਦੱਸਿਆ ਕਿ ਸੁਨੀਲ ਤੋਂ ਇਲਾਵਾ 4 ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਹਨ, ਜਿਨ੍ਹਾਂ ਨੂੰ ਜ਼ੀਰਕਪੁਰ ’ਚ ਲੁਕਾ ਕੇ ਰੱਖਿਆ ਹੋਇਆ ਸੀ। ਪੁਲਸ ਨੇ ਹਰਜਿੰਦਰ ਤੇ ਸੁਖਵਿੰਦਰ ਦੀ ਨਿਸ਼ਾਨਦੇਹੀ ’ਤੇ ਕੁੱਲ 5 ਮੋਟਰਸਾਈਕਲ ਬਰਾਮਦ ਕੀਤੇ, ਜਿਨ੍ਹਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਐੱਸ.ਐੱਚ.ਓ. ਜਸਕੰਵਲ ਸੇਖੋਂ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।