80 ਕਿਲੋ ਭੁੱਕੀ ਸਮੇਤ 2 ਗ੍ਰਿਫ਼ਤਾਰ

Saturday, Jan 20, 2018 - 08:22 AM (IST)

ਪਟਿਆਲਾ/ਘਨੌਰ  (ਬਲਜਿੰਦਰ, ਅਲੀ, ਹਰਵਿੰਦਰ) - ਸੀ. ਆਈ. ਏ. ਸਟਾਫ ਨਾਭਾ ਅਤੇ ਘਨੌਰ ਪੁਲਸ ਵੱਲੋਂ ਇਕ ਜੁਆਇੰਟ ਆਪ੍ਰੇਸ਼ਨ ਵਿਚ 2 ਵਿਅਕਤੀਆਂ ਨੂੰ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਵਿਅਕਤੀ ਫਰਾਰ ਹੋਣ ਵਿਚ ਸਫਲ ਹੋ ਗਿਆ।
ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਡੀ. ਐੱਸ. ਪੀ. ਸੁਖਮਿੰਦਰ ਚੌਹਾਨ, ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਨਾਭਾ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਥਾਣਾ ਘਨੌਰ ਦੇ ਇੰਚਾਰਜ ਰਘਬੀਰ ਸਿੰਘ ਨੇ 2 ਵਿਅਕਤੀਆਂ ਨੂੰ 80 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਵਿਅਕਤੀ ਫਰਾਰ ਹੋ ਗਿਆ। ਮੁਲਜ਼ਮਾਂ ਵਿਚ ਕਾਲਾ ਸਿੰਘ ਵਾਸੀ ਸਮੁੰਦਰਗੜ੍ਹ ਛੰਨਾ ਥਾਣਾ ਸਦਰ ਧੂਰੀ ਜ਼ਿਲਾ ਸੰਗਰੂਰ ਅਤੇ ਰਣਜੀਤ ਸਿੰਘ ਉਰਫ ਸੋਨੂੰ ਵਾਸੀ ਨੇੜੇ ਸਿੰਘ ਸਭਾ ਛੋਟਾ ਗੁਰਦੁਆਰਾ ਨਿਸਿੰਗ ਜ਼ਿਲਾ ਕਰਨਾਲ ਹਰਿਆਣਾ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਨਾਭਾ ਦੇ ਐੱਸ. ਆਈ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਚਪੜ ਗੇਟ ਘਨੌਰ ਸੀਲ ਰੋਡ ਕੋਲ ਨਾਕਾ ਲਾ ਕੇ ਖੜ੍ਹੇ ਸੀ। ਇਕ ਗੱਡੀ ਨੂੰ ਆਉਂਦਿਆਂ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਪੁਲਸ ਨੂੰ ਦੇਖ ਕੇ ਨਾਕੇ ਦੇ ਪਿੱਛੇ ਹੀ ਕਾਰ ਰੋਕ ਲਈ। ਇਸ ਵਿਚ 3 ਵਿਅਕਤੀ ਬੈਠੇ ਸਨ। ਇਨ੍ਹਾਂ 'ਚੋਂ ਇਕ ਵਿਅਕਤੀ ਭੱਜਣ ਵਿਚ ਸਫਲ ਰਿਹਾ ਜਦਕਿ 2 ਨੂੰ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ, ਜਦੋਂ ਕਾਰ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 6 ਪਲਾਸਟਿਕ ਦੇ ਥੈਲਿਆਂ ਵਿਚੋਂ ਕੁੱਲ 80 ਕਿਲੋ ਭੁੱਕੀ ਬਰਾਮਦ ਹੋਈ। ਪੁਲਸ ਨੇ ਉਕਤ ਤਿੰਨਾਂ ਖਿਲਾਫ ਐੈੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਘਨੌਰ ਵਿਖੇ ਕੇਸ ਦਰਜ ਕਰ ਲਿਆ ਹੈ।
ਐੱਸ. ਪੀ. ਡੀ. ਨੇ ਦੱਸਿਆ ਕਿ ਭੱਜੇ ਮੁਲਜ਼ਮ ਦਾ ਨਾਂ ਲਛਮਣ ਸਿੰਘ ਵਾਸੀ ਬਾਗੜੀਆਂ ਥਾਣਾ ਅਮਰਗੜ੍ਹ ਜ਼ਿਲਾ ਸੰਗਰੂਰ ਹੈ। ਮੁਲਜ਼ਮ ਕਾਲਾ ਸਿੰਘ, ਰਣਜੀਤ ਸਿੰਘ ਤੇ ਲਛਮਣ ਤਿੰਨਾਂ ਨੇ ਇਕ ਗਿਰੋਹ ਬਣਾਇਆ ਹੋਇਆ ਸੀ ਅਤੇ ਇਹ ਲੰਬੇ ਸਮੇਂ ਤੋਂ ਭੁੱਕੀ ਦੀ ਸਮੱਗਲਿੰਗ ਕਰਦੇ ਆ ਰਹੇ ਸਨ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਭੁੱਕੀ ਸਸਤੇ ਰੇਟਾਂ 'ਤੇ ਲਿਆ ਕਿ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਜਿਹੜੀ ਆਈ-20 ਕਾਰ ਸੀ, ਉਸਦਾ ਨੰਬਰ ਵੀ ਜਾਅਲੀ ਲੱਗਿਆ ਹੋਇਆ ਸੀ, ਜਿਸ ਸਬੰਧੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਾਰ 'ਚੋਂ 55 ਕਿਲੋ ਭੁੱਕੀ-ਡੋਡੇ ਬਰਾਮਦ
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਥਾਣਾ ਘਨੌਰ ਦੀ ਪੁਲਸ ਵੱਲੋਂ ਏ. ਐੱਸ. ਆਈ. ਬਲਜੀਤ ਸਿੰਘ ਦੀ ਅਗਵਾਈ ਹੇਠ ਮਾਜਰੀ ਫਕੀਰਾਂ ਵਿਖੇ ਨਾਕਾ ਲਾਇਆ ਹੋਇਆ ਸੀ। ਸੂਚਨਾ ਮਿਲੀ ਕਿ ਇਕ ਸਕੌਡਾ ਰੰਗ ਸਿਲਵਰ ਗੱਡੀ ਸ਼ੇਖਪੁਰਾ ਰਾਜਪੂਤਾਂ ਦੇ ਰਸਤੇ ਵਿਚ ਖੜ੍ਹੀ ਹੈ, ਜਿਸ ਵਿਚੋਂ 2 ਵਿਅਕਤੀ ਕਾਰ ਛੱਡ ਕੇ ਚਲੇ ਗਏ ਹਨ। ਇਨ੍ਹਾਂ ਵਿਚੋਂ 1 ਵਿਅਕਤੀ ਦਾ ਨਾਂ ਰਵੀ ਵਾਸੀ ਤੁੰਗਾ ਥਾਣਾ ਸਦਰ ਨਾਭਾ ਅਤੇ ਦੂਜੇ ਦਾ ਬਿੱਟੂ ਹੈ।
ਐੱਸ. ਪੀ. ਡੀ. ਵਿਰਕ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਕਾਰ ਵਿਚੋਂ 4 ਬੋਰੀਆਂ ਬਰਾਮਦ ਕਰ ਕੇ 25 ਕਿਲੋ ਭੁੱਕੀ ਤੇ 30 ਕਿਲੋ ਡੋਡੇ ਬਰਾਮਦ ਕੀਤੇ। ਦੋਵਾਂ ਖਿਲਾਫ ਐਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਘਨੌਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਵੀ ਅਤੇ ਬਿੱਟੂ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀਆਂ ਭੇਜ ਦਿੱਤੀਆਂ ਗਈਆਂ ਹਨ ਅਤੇ ਦੋਵਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਵੀ ਲੰਬੇ ਸਮੇਂ ਤੋਂ ਡੋਡੇ, ਭੁੱਕੀ ਦੀ ਸਮੱਗਲਿੰਗ ਕਰ ਰਹੇ ਸਨ। ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰ ਰਹੇ ਸਨ। ਐੱਸ. ਪੀ. ਡੀ. ਨੇ ਦੱਸਿਆ ਕਿ ਕਾਰ 'ਤੇ ਪੰਜਾਬ ਪੁਲਸ ਦੇ ਸਟਿੱਕਰ ਲੱਗੇ ਹੋਏ ਸਨ। ਦੋਵਾਂ ਮਾਮਲਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ।


Related News