ਸਰਕਾਰੀ ਡਿਊਟੀ ’ਚ ਵਿਘਨ ਪਾਉਣ ’ਤੇ 2 ਕਾਬੂ

07/16/2018 7:43:10 AM

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ ) - ਲਾਪ੍ਰਵਾਹੀ ਨਾਲ ਕਾਰ ਚਲਾਉਣ ਅਤੇ ਸਰਕਾਰੀ ਡਿਊਟੀ ਦੌਰਾਨ ਪੁਲਸ ਮੁਲਜ਼ਮ ਨਾਲ ਗਲਤ ਵਰਤਾਓ ਕਰਨ ਦੇ ਦੋਸ਼ ’ਚ ਥਾਣਾ ਸਦਰ ਪੁਲਸ ਨੇ 2 ਵਿਅਕਤੀਅਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਥਾਣਾ ਸਦਰ ਵਿਖੇ ਤਾਇਨਾਤ ਸਿਪਾਹੀ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨੂੰ ਪਾਣੀ ਛੱਡਣ ਦੀ ਮੰਗ ਸਬੰਧੀ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਕੋਟਕਪੂਰਾ ਰੋਡ ਬਾਈਪਾਸ ਤੋਂ ਲੰਘਦੇ ਮੁਕਤਸਰ ਮਾਈਨਰ ਦੇ ਕੋਲ ਲਾਏ ਗਏ ਧਰਨੇ ਦੌਰਾਨ ਉਹ ਡਿਊਟੀ ਦੇ ਰਿਹਾ ਸੀ। ਇਸ ਦੌਰਾਨ ਆਲਾ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ।ਰਾਤ ਕਰੀਬ ਸਵਾ 9 ਵਜੇ ਇਕ ਕਾਰ (ਨੰਬਰ ਪੀ ਬੀ 30 ਆਰ 6881) ਕੋਟਕਪੂਰਾ ਵੱਲੋਂ ਸ੍ਰੀ ਮੁਕਤਸਰ ਸਾਹਿਬ ਵੱਲ ਆਉਂਦੀ ਦਿਖੀ। ਕਾਰ ਵਿਚ ਦੋ ਵਿਅਕਤੀ ਸਵਾਰ ਸਨ ਹਾਲਾਂਕਿ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਲਟਾ ਚਾਲਕ ਨੇ ਕਾਰ ਨੂੰ ਰੋਕਣ ਦੀ ਬਜਾਏ ਲਾਪ੍ਰਵਾਹੀ ਵਰਤਦੇ ਹੋਏ ਤੇਜ਼ ਰਫ਼ਤਾਰ ਨਾਲ ਕਾਰ ਨੂੰ ਧਰਨੇ ਵਿਚ ਬੈਠੇ ਕਿਸਾਨਾਂ ਦੀ ਵੱਲ ਮੋਡ਼ ਦਿੱਤਾ, ਜਿਸ ਕਾਰਨ 2 ਕਿਸਾਨ ਜ਼ਖ਼ਮੀ ਹੋ ਗਏ।
ਕਾਰ ਰੁਕਣ ’ਤੇ ਚਾਲਕ ਨੇ ਆਪਣਾ ਨਾਂ ਸੁਖਵੰਤ ਸਿੰਘ ਅਤੇ ਦੂਸਰੇ ਨੇ ਖੁਦ ਨੂੰ ਨੱਥਾ ਸਿੰਘ ਵਾਸੀ ਗੋਨਿਆਣਾ ਰੋਡ ਦੱਸਿਆ। ਉਕਤ ਸਿਪਾਹੀ ਅਨੁਸਾਰ ਕਾਰ ਸਵਾਰਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਾਰ ਤੋਂ ਥੱਲੇ ਉਤਰਦੇ ਹੀ ਉਨ੍ਹਾਂ ਨੇ ਉਸ ਨਾਲ ਹੱਥੋਪਾਈ ਕਰਦੇ ਹੋਏ ਗਲਤ ਵਰਤਾਓ ਕੀਤਾ।
 ਉਕਤ ਸਿਪਾਹੀ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਕਾਰ ਸਵਾਰ ਸੁਖਵੰਤ ਸਿੰਘ ਅਤੇ ਨੱਥਾ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਏ. ਐੱਸ. ਆਈ. ਕੁਲਦੀਪ ਸਿੰਘ ਕਰ ਰਹੇ ਹਨ। ਇਸ ਬਾਰੇ ਥਾਣਾ ਸਦਰ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਐਤਵਾਰ ਦੀ ਛੁੱਟੀ ਹੋਣ ’ਤੇ ਦੋਸ਼ੀਆਂ ਨੂੰ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੁਲ ਕੰਬੋਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜ ਦਿੱਤਾ ਹੈ।


Related News