CM ਮਾਨ ਨੇ ''ਕਿੱਕਲੀ-2'' ਨਾਲ ਲਾਇਆ ਵਿਰੋਧੀਆਂ ''ਤੇ ਤਵਾ, ਸੁਖਪਾਲ ਖਹਿਰਾ ਨੂੰ ਵੀ ਦਿੱਤਾ ਜਵਾਬ (ਵੀਡੀਓ)

Tuesday, May 21, 2024 - 06:57 PM (IST)

CM ਮਾਨ ਨੇ ''ਕਿੱਕਲੀ-2'' ਨਾਲ ਲਾਇਆ ਵਿਰੋਧੀਆਂ ''ਤੇ ਤਵਾ, ਸੁਖਪਾਲ ਖਹਿਰਾ ਨੂੰ ਵੀ ਦਿੱਤਾ ਜਵਾਬ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ): ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਵਿਖੇ ਪਾਰਟੀ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਸਗੋਂ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਵੀ ਵਿੰਨ੍ਹੇ। ਇਸ ਦੌਰਾਨ ਉਨ੍ਹਾਂ ਨੇ ਇਕ ਨਵੀਂ ਕਵਿਤਾ 'ਕਿੱਕਲੀ-2' ਨਾਲ ਵਿਰੋਧੀਆਂ 'ਤੇ ਤਿੱਖਾ ਹਮਲਾ ਕੀਤਾ। 

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਵਿਤਾ ਵਿਚ ਬਾਦਲਾਂ ਦੇ ਸਾਰੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੋਈ ਹੈ। ਉਨ੍ਹਾਂ ਇਸ ਕਵਿਤਾ ਵਿਚ 'ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ...', 'ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫੱਸ ਗਈ ਬਠਿੰਡੇ ਤੋਂ...', 'ਅਕਾਲੀ ਦਲ ਵਾਲੀ ਫੱਟੀ ਸਾਲੇ-ਜੀਜੇ ਨੇ ਪੋਚੀ ਹੈ...', 'ਰਾਜਨੀਤੀ ਵਿਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ...' ਜਿਹੀਆਂ ਸਤਰਾਂ ਨਾਲ ਬਾਦਲ ਪਰਿਵਾਰ 'ਤੇ ਤਿੱਖੇ ਹਮਲੇ ਕੀਤੇ। 

ਇਹ ਖ਼ਬਰ ਵੀ ਪੜ੍ਹੋ - ਭਾਜਪਾ ਨੂੰ ਲੱਗਿਆ ਝਟਕਾ! ਸਾਬਕਾ ਵਿਧਾਇਕ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਸੁਖਪਾਲ ਖਹਿਰਾ ਨੂੰ ਵੀ ਦਿੱਤਾ ਜਵਾਬ

ਇਸ ਦੌਰਾਨ ਉਨ੍ਹਾਂ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਪ੍ਰਵਾਸੀਆਂ ਬਾਰੇ ਦਿੱਤੇ ਬਿਆਨ ਦਾ ਵੀ ਜਵਾਬ ਦਿੱਤਾ। CM ਮਾਨ ਨੇ ਕਿਹਾ ਕਿ ਖਹਿਰਾ ਦੋਸ਼ ਲਗਾ ਰਿਹਾ ਹੈ ਕਿ ਬਿਹਾਰ ਤੇ ਯੂ.ਪੀ. ਤੋਂ ਆਉਣ ਵਾਲੇ ਇੱਥੇ ਨੌਕਰੀ ਲੈ ਜਾਂਦੇ ਹਨ। CM ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੀਆਂ ਨੌਕਰੀਆਂ ਦਾ ਡਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 43 ਹਜ਼ਾਰ ਨੌਕਰੀਆਂ ਵੰਡੀਆਂ ਹਨ ਤੇ ਜੇ ਉਨ੍ਹਾਂ ਵਿਚ 5-7 ਪੰਜਾਬ ਤੋਂ ਬਾਹਰ ਵਾਲੇ ਵੀ ਹਨ ਤਾਂ ਉਹ ਹਰਿਆਣਾ, ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਹਨ। ਉਨ੍ਹਾਂ ਨੇ ਪੰਜਾਬੀ ਦਾ ਲਿਖਤੀ ਟੈਸਟ ਕਲੀਅਰ ਕੀਤਾ ਹੈ ਤਾਂ ਜਾ ਕੇ ਉਨ੍ਹਾਂ ਨੂੰ ਨੌਕਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਨੌਕਰੀ ਹਾਸਲ ਕਰਨ ਵਾਲੇ 99.99 ਫ਼ੀਸਦੀ ਨੌਜਵਾਨ ਪੰਜਾਬੀ ਹਨ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਰਹੇਗੀ ਪੁਖ਼ਤਾ, AI ਦੀ ਵੀ ਲਈ ਜਾਵੇਗੀ ਮਦਦ

CM ਮਾਨ ਨੇ ਸੁਖਪਾਲ ਖਹਿਰਾ ਨੂੰ ਚੈਲੰਜ ਦਿੰਦਿਆਂ ਕਿਹਾ ਕਿ ਉਹ ਇਸੇ ਪ੍ਰੀਖਿਆ ਵਿਚ 20 ਨੰਬਰ ਲੈ ਕੇ ਦਿਖਾ ਦੇਣ। ਉਨ੍ਹਾਂ ਕਿਹਾ ਕਿ ਹੋਰ ਛੋਟ ਦਿੰਦਿਆਂ ਮੈਂ ਪੇਪਰ ਲੀਕ ਵੀ ਕਰ ਦੇਵਾਂਗਾ। ਪਰ ਤਾਂ ਵੀ ਉਹ ਸਹੀ ਜਵਾਬ ਲਿਖ ਨਹੀਂ ਸਕਣਗੇ। ਉਨ੍ਹਾਂ ਕਾਂਗਰਸ ਪਾਰਟੀ ਤੋਂ ਪੁੱਛਿਆ ਕਿ ਕੀ ਇਹ ਉਨ੍ਹਾਂ ਦਾ ਏਜੰਡਾ ਹੈ ਕਿ ਦੇਸ਼ ਵਿਚੋਂ ਕੋਈ ਵੀ ਪੰਜਾਬ ਨਾ ਆਵੇ। ਪ੍ਰਵਾਸੀ ਆ ਕੇ ਕਿਰਤ ਕਰਦੇ ਹਨ ਤੇ ਪੰਜਾਬ ਦੀ ਧਰਤੀ ਦਾਤਾਂ ਵੰਡਣ ਵਾਲੀ ਧਰਤੀ ਹੈ। ਅਸੀਂ ਲੰਗਰ ਛਕਾਉਣ ਵੇਲੇ ਕਦੀ ਇਹ ਨਹੀਂ ਪੁੱਛਿਆ ਕਿ ਉਹ ਕਿਹੜੇ ਸੂਬੇ ਤੋਂ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਦਾ ਹੀ ਨੁਕਸਾਨ ਕੀਤਾ ਹੈ ਕਿਉਂਕਿ ਉਹ ਲੁਧਿਆਣਾ ਤੋਂ ਚੋਣ ਲੜ ਰਿਹਾ ਹੈ ਤੇ ਉੱਥੇ 3-3.5 ਲੱਖ ਵੋਟ ਪ੍ਰਵਾਸੀਆਂ ਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News