ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, 2 ਮੁਲਜ਼ਮ ਗ੍ਰਿਫ਼ਤਾਰ
Sunday, May 12, 2024 - 04:21 PM (IST)
ਖੰਨਾ (ਸੁਖਵਿੰਦਰ ਕੌਰ, ਕਮਲ) : ਬੀਤੇ ਦਿਨ ਕੁਲਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕੁਝ ਵਿਅਕਤੀਆਂ ਵਲੋਂ ਤੰਗ-ਪਰੇਸ਼ਾਨ ਕਰਨ ਕਰ ਕੇ ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਐੱਸ. ਐੱਸ. ਪੀ. ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਖੰਨਾ ਪੁਲਸ ਨੇ ਮਾਮਲਾ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਖੰਨਾ ਹਰਜਿੰਦਰ ਗਿੱਲ ਨੇ ਦੱਸਿਆ ਕਿ ਬੀਤੇ ਕੱਲ੍ਹ ਕੁਲਵਿੰਦਰ ਸਿੰਘ ਸਪੁੱਤਰ ਬੁੱਧ ਰਾਮ ਵਾਸੀ ਰਸੂਲੜਾ ਨੇ ਕੁਝ ਵਿਅਕਤੀਆਂ ਵਲੋਂ ਤੰਗ-ਪਰੇਸ਼ਾਨ ਕਰਨ ਕਰ ਕੇ ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁਲਸ ਪਾਰਟੀ ਪਹੁੰਚ ਗਈ ਸੀ। ਤੁਰੰਤ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਬਲਬੀਰ ਸਿੰਘ, ਕੁਲਵਿੰਦਰ ਸਿੰਘ ਉਰਫ਼ ਬੱਗਾ, ਹਰਸ਼ਦੀਪ ਸਿੰਘ ਤੇ ਗੁੱਲੂ ’ਤੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਸੀ ਤੇ ਕੁੱਝ ਘੰਟਿਆਂ ਬਾਅਦ ਹੀ ਬਲਬੀਰ ਸਿੰਘ ਤੇ ਕੁਲਵਿੰਦਰ ਸਿੰਘ ਉਰਫ ਬੱਗਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਕੁਲਵਿੰਦਰ ਨੂੰ ਮੁਲਜ਼ਮ ਕਰਦੇ ਸਨ ਪਰੇਸ਼ਾਨ
ਡੀ. ਐੱਸ. ਪੀ. ਹਰਜਿੰਦਰ ਗਿੱਲ ਨੇ ਦੱਸਿਆ ਕਿ 5 ਮਈ ਨੂੰ ਕੁਲਵਿੰਦਰ ਸਿੰਘ ਪੁੱਤਰ ਬੁੱਧਰਾਮ ਦਾ ਕੁਝ ਵਿਅਕਤੀਆਂ ਨਾਲ ਪਿੰਡ ਰਸੂਲੜਾ ਵਿਖੇ ਹੀ ਝਗੜਾ ਹੋ ਗਿਆ ਸੀ, ਜਿਸ ’ਤੇ ਸਦਰ ਥਾਣਾ ਪੁਲਸ ਨੇ 10 ਮਈ ਨੂੰ ਬਲਬੀਰ ਸਿੰਘ, ਕੁਲਵਿੰਦਰ ਸਿੰਘ ਉਰਫ਼ ਬੱਗਾ ਤੇ ਹਰਸ਼ਦੀਪ ’ਤੇ ਮੁਕੱਦਮਾ ਦਰਜ ਕਰ ਲਿਆ ਸੀ। ਉਕਤ ਮੁਲਜ਼ਮਾਂ ਵਲੋਂ ਕੁਲਵਿੰਦਰ ਸਿੰਘ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਇਸ ਮੌਕੇ ਐੱਸ. ਐੱਚ. ਓ. ਸਿਟੀ-2 ਗੁਰਮੀਤ ਸਿੰਘ ਵੀ ਮੌਜੂਦ ਸਨ।