19 ਪੰਚਾਇਤਾਂ ਨੇ ਨਸ਼ਾ ਵਿਰੋਧੀ ਮੁਹਿੰਮ ਦਾ ਕੀਤਾ ਸਮਰਥਨ

Monday, Jun 02, 2025 - 08:37 PM (IST)

19 ਪੰਚਾਇਤਾਂ ਨੇ ਨਸ਼ਾ ਵਿਰੋਧੀ ਮੁਹਿੰਮ ਦਾ ਕੀਤਾ ਸਮਰਥਨ

ਬਠਿੰਡਾ (ਵਿਜੇ ਵਰਮਾ) - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਭਾਰੀ ਜਨ ਸਮਰਥਨ ਮਿਲ ਰਿਹਾ ਹੈ। ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਹਲਕੇ ਦੇ 19 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੇ ਆਪਣੇ ਪਿੰਡਾਂ ਵਿੱਚ ਚਿੱਟੇ (ਹੈਰੋਇਨ) ਦੀ ਵਰਤੋਂ ਤੇ ਵਿਕਰੀ ਉੱਤੇ ਪੂਰੀ ਪਾਬੰਦੀ ਲਾਉਣ ਸਬੰਧੀ ਪ੍ਰਸਤਾਵ ਪਾਸ ਕੀਤੇ ਹਨ।

ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਿੱਤੀ ਜਾਣਕਾਰੀ
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਰਾਮਪੁਰਾ ਹਲਕੇ ਵਿੱਚ ਕੁੱਲ 54 ਪੰਚਾਇਤਾਂ ਹਨ, ਜਿਨ੍ਹਾਂ ਵਿੱਚੋਂ ਹੇਠ ਲਿਖੀਆਂ 19 ਪੰਚਾਇਤਾਂ ਨੇ ਨਸ਼ੇ ਵਿਰੁੱਧ ਪ੍ਰਸਤਾਵ ਪਾਸ ਕੀਤੇ ਹਨ: ਮੱਲੂਆਣਾ, ਹਿੰਮਤਪੁਰਾ, ਟੱਲਵਾਲੀ, ਪਿੱਪਲੀ, ਗੁਰੂਸਰ ਮਹਿਰਾਜ, ਕੋਠੇ ਰਥੜੀਆਂ, ਮਹਿਰਾਜ ਖੁਰਦ, ਕਾਲੇਬਾਰਾ, ਭਾਈਰੂਪਾ ਖੁਰਦ, ਕੋਠੇ ਸੁੱਖਾ ਨੰਦਾ, ਨਵਾਂ ਕੇਸਰ ਸਿੰਘ, ਬੁਰਜ ਥਰੋੜ, ਕੋਠਾ ਗੁਰੂ ਖੁਰਦ, ਗੁਰਦਿੱਤ ਸਿੰਘ ਵਾਲਾ, ਗੌਸਪੁਰਾ, ਗੁਰੂਸਰ ਜਲਾਲ, ਭਾਈਆਣਾ, ਸੰਧੂ ਖੁਰਦ ਅਤੇ ਕਾਲੋਕੇ।

ਨਿਗਰਾਨੀ ਵਾਸਤੇ ਲਗਾਏ 50 ਸੀਸੀਟੀਵੀ ਕੈਮਰੇ 
ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਰਾਮਪੁਰਾ ਸ਼ਹਿਰ ਵਿੱਚ ਚਿੱਟੇ ਦੀ ਤਸਕਰੀ ਅਤੇ ਵਰਤੋਂ ਉੱਤੇ ਨਿਗਰਾਨੀ ਰੱਖਣ ਲਈ 50 ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਸਹਿਯੋਗ
ਉਨ੍ਹਾਂ ਕਿਹਾ ਕਿ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਰਾਹੀਂ ਇਲਾਜ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਖੁਦਰੋਜ਼ਗਾਰ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ।

ਖੇਡਾਂ ਅਤੇ ਜਿਮ ਦੀਆਂ ਸਹੂਲਤਾਂ
ਪੰਚਾਇਤਾਂ ਅਤੇ ਨੌਜਵਾਨਾਂ ਦੀ ਮੰਗ ਮੁਤਾਬਕ ਪਿੰਡਾਂ ਵਿੱਚ ਖੇਡ ਮੈਦਾਨ ਅਤੇ ਜਿਮ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਨਸ਼ਿਆਂ ਤੋਂ ਬਚ ਚੁੱਕੇ ਅਤੇ ਖੇਡਾਂ ਨਾਲ ਜੁੜੇ ਨੌਜਵਾਨਾਂ ਨੂੰ ਤੰਦਰੁਸਤ ਬਣਾਉਣ ਲਈ ਦੇਸੀ ਘੀ ਵੀ ਵੰਡਿਆ ਗਿਆ ਹੈ।

ਨਸ਼ਾ ਤਸਕਰੀ ''ਤੇ ਸਖ਼ਤ ਕਾਰਵਾਈ
ਰਾਮਪੁਰਾ ਫੂਲ ਦੇ SHO ਬੂਟਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ 99 ਕੇਸ ਦਰਜ ਕਰਕੇ 171 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਪਤ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 1 ਕਿਲੋ 349.89 ਗ੍ਰਾਮ ਹੀਰੋਇਨ, 13033 ਨਸ਼ੀਲੀਆਂ ਗੋਲੀਆਂ, 115.29 ਕਿਲੋ ਭੁੱਕੀ, 3570 ਕੈਪਸੂਲ, 1.5 ਕਿਲੋ ਗਾਂਜਾ, 6 ਗ੍ਰਾਮ ਸਮੈਕ ਅਤੇ 5 ਕਿਲੋ ਹਰਾ ਪੋਸਤ ਸ਼ਾਮਲ ਹਨ।

ਸਥਾਨਕ ਲੀਡਰਸ਼ਿਪ ਦੀ ਹਾਜ਼ਰੀ
ਇਸ ਮੌਕੇ ਤੇ ਮਾਰਕੀਟ ਕਮੇਟੀ ਰਾਮਪੁਰਾ ਫੂਲ ਦੇ ਚੇਅਰਮੈਨ ਦਰਸ਼ਨ ਸਿੰਘ ਸੋਹੀ, ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।


author

Inder Prajapati

Content Editor

Related News