ਜਨਾਨਾ ਵਾਰਡ ਚੋਂ ਮਹਿਲਾ ਨੇ ਕੀਤਾ 16 ਦਿਨ ਦਾ ਨਵਜਾਤ ਬੱਚਾ ਗਾਇਬ

09/23/2017 7:25:50 PM

ਖੰਨਾ (ਸੁਨੀਲ) —ਖੰਨਾ ਸ਼ਹਿਰ ਦੇ ਸਿਵਲ ਹਸਪਤਾਲ ਦੀ ਹਮੇਸ਼ਾ ਹੀ ਆਪਣੀ ਮਾੜੀ ਕਾਰਗੁਜਾਰੀ ਦੇ ਚਲਦੇ ਕਿਸੇ ਨਾ ਕਿਸੇ ਚਰਚਾ 'ਚ ਹੀ ਰਹਿੰਦਾ ਹੈ। ਇਸੇ ਲੜੀ 'ਚ ਇਕ ਹੋਰ ਮੁੱਦਾ ਜੁੜਦੇ ਹੋਏ ਸ਼ੱਕਰਵਾਰ ਨੂੰ ਹਸਪਤਾਲ ਦੇ ਜਨਾਨਾ ਵਾਰਡ 'ਚੋਂ ਇਕ 16 ਦਿਨ ਦਾ ਨਵਜਾਤ ਬੱਚਾ ਕਿਸੇ ਅਣਪਛਾਤੀ ਮਹਿਲਾ ਵਲੋਂ ਗਾਇਬ ਕਰ ਲਿਆ ਗਿਆ। ਇਸ ਸਬੰਧ 'ਚ ਬੱਚੇ ਦੀ ਮਾਂ ਸਰਿਤਾ (23) ਪਤਨੀ ਜਗਜੀਵਨ ਸਿੰਘ ਵਾਸੀ ਵਾਰਡ ਨੰ 5 ਗਲੀ ਨੰ 5 ਦਲੀਪ ਸਿੰਘ ਨਗਰ ਲਲਹੇੜ੍ਹੀ ਰੋਡ ਖੰਨਾ ਨੇ ਦੱਸਿਆ ਕਿ ਬੀਤੀ 7 ਸਤੰਬਰ ਨੂੰ ਉਸਦੇ ਘਰ ਵਿਖੇ ਹੀ ਬੱਚੇ ਦੀ ਡਿਲਵਰੀ ਹੋਈ ਸੀ ਤੇ ਬੱਚੇ ਦੇ ਨਾ ਰੋਣ ਦੇ ਚਲਦੇ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉੇਸਦੀ ਹਾਲਤ ਵੇਖਦੇ ਹੋਏ ਉਸਨੂੰ ਇਲਾਜ ਦੇ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ।

ਚੰਡੀਗੜ੍ਹ ਤੋਂ ਉਸਦੀ ਹਾਲਤ 'ਚ ਸੁਧਾਰ ਤੋਂ ਬਾਅਦ ਜਦੋਂ ਉਹ ਬੱਚੇ ਨੂੰ ਇਲਾਜ ਦੇ ਲਈ ਖੰਨਾ ਦੇ ਸਿਵਲ ਹਸਪਤਾਲ ਲਈ ਰੈਫਰ ਕਰਵਾ ਕੇ ਲੈ ਆਏ ਤਾਂ 17 ਸਤੰਬਰ ਨੂੰ ਉਸਦੀ ਹਾਲਤ ਦੁਬਾਰਾ ਖਰਾਬ ਹੋਣ ਦੇ ਚਲਦੇ ਉਸਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਰਿਤਾ ਨੇ ਦੱਸਿਆ ਕਿ ਅੱਜ ਸਮਾਂ ਕਰੀਬ 12 ਵਜੇ ਉਹ ਜਨਾਨਾ ਵਾਰਡ 'ਚ ਬੈਡ.ਨੰ 22 ਤੇ ਆਪਣੇ ਬੱਚੇ ਦੇ ਨਾਲ ਪਈ ਸੀ ਤਾਂ ਇਕ ਮਹਿਲਾ ਉਸਦੇ ਕੋਲ ਆਈ ਤੇ ਬੱਚੇ ਦੇ ਕੁੱਝ ਟੈਸਟ ਕਰਨ ਦੇ ਲਈ ਬੱਚੇ ਨੂੰ ਲਿਜਾਉਣ ਲਈ ਕਹਿਣ ਲਗੀ। ਉਸ ਨੇ ਤਾਂ ਪਹਿਲਾਂ ਮਨ੍ਹਾ ਕਰ ਦਿੱਤਾ ਪਰ ਮਗਰੋਂ ਜਦੋਂ ਉਸ ਮਹਿਲਾ ਨੇ ਦੁਬਾਰਾ ਕਿਹਾ ਕਿ ਉਸਨੂੰ ਡਾਕਟਰ ਸਾਹਿਬ ਨੇ ਭੇਜਿਆ ਹੈ ਤੇ ਬੱਚੇ ਦੀ ਹਾਲਤ ਖਰਾਬ ਹੈ ਇਸ ਲਈ ਉਸਦੇ ਟੈਸਟ ਕਰਵਾਉਣੇ ਹਨ। ਸਰਿਤਾ ਨੇ ਆਪਣੇ ਪਤੀ ਨੂੰ ਫੋਨ 'ਤੇ ਪੁੱਛਣ ਦੇ ਮਗਰੋਂ ਬੱਚੇ ਨੂੰ ਉਸ ਮਹਿਲਾ ਨੂੰ ਦੇ ਦਿੱਤਾ। ਜਦੋਂ ਕਾਫੀ ਦੇਰ ਬਾਅਦ ਉਕਤ ਮਹਿਲਾ ਉਸਦੇ ਬੱਚੇ ਨੂੰ ਵਾਪਸ ਨਾ ਲੈ ਕੇ ਆਈ ਤਾਂ ਉਸ ਨੇ ਜਦੋਂ ਬੱਚੇ ਬਾਰੇ ਹਸਪਤਾਲ ਦੇ ਬਾਕੀ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਮਹਿਲਾ ਨੂੰ ਬੱਚੇ ਨੂੰ ਲੈ ਕੇ ਆਉਣ ਲਈ ਨਹੀਂ ਭੇਜਿਆ ਹੈ। ਇਸ ਘਟਨਾ ਦੇ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ ਤੇ ਇਸ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਦੇ ਨਾਲ-ਨਾਲ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਆਲਾ ਅਧਿਕਾਰੀਆਂ 'ਚ ਐਸ.ਪੀ. ਰਵਿੰਦਰਪਾਲ ਸਿੰਘ, ਡੀ.ਐਸ.ਪੀ. ਜਗਵਿੰਦਰ ਸਿੰਘ ਚੀਮਾ, ਡੀ.ਐਸ.ਪੀ. ਰਣਜੀਤ ਸਿੰਘ, ਥਾਣਾ ਸਿਟੀ ਰਜਨੀਸ਼ ਸੂਦ ਆਦਿ ਨੇ ਹਸਪਤਾਲ 'ਚ ਮੌਕਾ ਮੁਆਇਨਾ ਕਰਦੇ ਹੋਏ ਉਥੇ ਲਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੂਟੇਜ਼ ਨੂੰ ਵੀ ਖੰਗਾਲਿਆ। 
ਹਸਪਤਾਲ 'ਚ ਮੌਜੂਦ ਇਕ ਮਹਿਲਾ ਦੇ ਮੁਤਾਬਿਕ ਉਕਤ ਮਹਿਲਾ ਦੀ ਉਮਰ ਕਰੀਬ 40 ਤੋਂ 45 ਸਾਲ ਦੇ ਕਰੀਬ ਹੈੱਗ ਰਹੀ ਸੀ ਤੇ ਉਸਦੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ।
ਮੌਕੇ ਤੇ ਪੁੱਜੇ ਪੁਲਸ ਦੇ ਆਲਾ ਅਧਿਕਾਰੀਆਂ ਨੇ ਹਸਪਤਾਲ ਦੇ ਨਾਲ-ਨਾਲ ਲਗਦੇ ਬਜਾਰਾਂ 'ਚ ਲਗੇ ਸੀ.ਸੀ.ਟੀ.ਵੀ. ਦੇ ਕੈਮਰਿਆਂ ਦੀ ਫੂਟੇਜ਼ ਖੰਗਾਲਦੇ ਹੋਏ ਇਕ ਅਣਪਛਾਤੀ ਮਹਿਲਾ ਖਿਲਾਫ ਬੱਚਾ ਚੋਰੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਦੇ ਹੋਏ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News