ਮਹਿੰਦਰਾ ਪਿਕਅੱਪ ''ਚੋਂ 150 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਕਾਬੂ

06/30/2017 3:25:52 AM

ਬਟਾਲਾ,  (ਬੇਰੀ, ਸੈਂਡੀ)-  ਮਹਿੰਦਰਾ ਪਿਕਅੱਪ 'ਚੋਂ 150 ਪੇਟੀਆਂ ਨਾਜਾਇਜ਼ ਦੇਸੀ ਤੇ ਅੰਗਰੇਜ਼ੀ ਸ਼ਰਾਬ ਬਰਾਮਦ ਕਰਦਿਆਂ ਸਦਰ ਪੁਲਸ ਬਟਾਲਾ ਨੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਰਵਿੰਦਰ ਪਾਲ ਸ਼ਰਮਾ ਅਤੇ ਐੱਸ. ਐੱਚ. ਓ. ਸਦਰ ਇੰਸਪੈਕਟਰ ਨਰਿੰਦਰ ਕੌਰ ਮੱਲ੍ਹੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅੱਧੀ ਰਾਤ ਨੂੰ ਪੁਲਸ ਨੇ ਅੱਡਾ ਘਸੀਟਪੁਰਾ ਵਿਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜੈਂਤੀਪੁਰ ਵੱਲੋਂ ਇਕ ਮਹਿੰਦਰਾ ਪਿਕਅੱਪ ਨੰ. ਪੀ.ਬੀ.-35ਯੂ.ਟੀ-4506 ਨੂੰ ਆਉਂਦੇ ਦੇਖ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਸਵਿਫਟ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ। 
ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ ਪੁਲਸ ਮੁਲਾਜ਼ਮਾਂ ਨੇ ਉਕਤ ਮਹਿੰਦਰਾ ਪਿਕਅੱਪ ਦੇ ਡਰਾਈਵਰ ਦਾ ਪਿੱਛਾ ਕਰਦੇ ਹੋਏ ਉਸ ਨੂੰ ਬਟਾਲਾ ਦੇ ਨੇੜਿਓਂ ਗੱਡੀ ਸਮੇਤ ਕਾਬੂ ਕਰ ਲਿਆ ਅਤੇ ਗੱਡੀ ਦੀ ਤਲਾਸ਼ੀ ਲੈਣ 'ਤੇ ਪੁਲਸ ਮੁਲਾਜ਼ਮਾਂ ਨੇ ਮੌਕੇ ਤੋਂ 150 ਪੇਟੀਆਂ ਨਾਜਾਇਜ਼ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ। 
ਬਰਾਮਦ ਕੀਤੀਆਂ ਗਈਆਂ ਪੇਟੀਆਂ ਵਿਚ 29 ਇੰਪੀਰੀਅਲ ਬਲੂ, 9 ਪੇਟੀਆਂ ਰਾਇਲ ਸਟੈਗ, 5 ਪੇਟੀਆਂ ਮੈਕਡਾਵਲ, 3 ਪੇਟੀਆਂ ਆਰ. ਸੀ, 12 ਪੇਟੀਆਂ ਕੈਸ਼, 9 ਪੇਟੀਆਂ ਸੰਤਰਾ ਅਤੇ 83 ਪੇਟੀਆਂ ਬਲੈਕ ਹਾਰਸ ਦੀਆਂ ਸ਼ਾਮਲ ਹਨ।  ਫੜੇ ਗਏ ਗੱਡੀ ਚਾਲਕ ਦੀ ਪਛਾਣ ਕਮਲ ਉਰਫ ਕਾਲਾ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਬੱਲ ਥਾਣਾ ਧਾਰੀਵਾਲ ਵਜੋਂ ਹੋਈ ਹੈ ਅਤੇ ਇਸ ਦੇ ਵਿਰੁੱਧ ਥਾਣਾ ਸਦਰ ਵਿਚ ਕੇਸ ਦਰਜ ਕਰ ਦਿੱਤਾ ਹੈ। ਉਕਤ ਵਿਅਕਤੀ ਇਹ ਸ਼ਰਾਬ ਜੈਂਤੀਪੁਰ ਤੋਂ ਲਿਆ ਕੇ ਧਾਰੀਵਾਲ ਲਿਜਾ ਰਿਹਾ ਸੀ ਕਿ ਪੁਲਸ ਦੇ ਹੱਥੇ ਚੜ੍ਹ ਗਿਆ। 


Related News