ਭਿਆਨਕ ਹਾਦਸੇ ਦੌਰਾਨ ਪਿਕਅੱਪ ਡਰਾਈਵਰ ਦੀ ਮੌਤ, ਸੜਕ ''ਤੇ ਖਿੱਲਰੀਆਂ ਸਬਜ਼ੀਆਂ
Monday, Aug 18, 2025 - 03:15 PM (IST)

ਤਪਾ ਮੰਡੀ (ਸ਼ਾਮ, ਗਰਗ) : ਐਤਵਾਰ ਦੀ ਰਾਤ 11 ਵਜੇ ਦੇ ਕਰੀਬ ਬਠਿੰਡਾ-ਬਰਨਾਲਾ ਹਾਈਵੇ 'ਤੇ ਸਥਿਤ ਘੁੜੈਲੀ ਓਵਰਬ੍ਰਿਜ ‘ਤੇ ਸਬਜ਼ੀ ਦੀ ਭਰੀ ਪਿੱਕਅਪ ‘ਚ ਸਟੀਫਨੀ ਬਦਲ ਰਹੇ ਪਿੱਕਅਪ ਦੇ ਚਾਲਕ ‘ਤੇ ਪਿੱਛੋਂ ਆ ਰਹੀ ਇਕ ਹੋਰ ਪਿਕਅੱਪ ਗੱਡੀ ਚੜ੍ਹ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਮ੍ਰਿਤਕ ਕਸ਼ਮੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਏਲਨਾਬਾਦ (ਹਰਿਆਣਾ) ਦੇ ਭਰਾ ਰਾਜਵੀਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮੇਰਾ ਭਰਾ ਕਸ਼ਮੀਰ ਸਿੰਘ ਤਲਵੰਡੀ ਤੋਂ ਸਬਜ਼ੀ ਭਰ ਕੇ ਪਿਕਅੱਪ ਗੱਡੀ 'ਚ ਮੋਗਾ ਜਾ ਰਿਹਾ ਸੀ। ਜਦ ਉਹ ਤਪਾ ਹਾਈਵੇ 'ਤੇ ਪੁੱਜਾ ਤਾਂ ਇੱਕ ਟਾਇਰ ਪੈਂਚਰ ਹੋਣ ਕਾਰਨ ਸਟੀਫਨੀ ਜੈੱਕ ਲਗਾ ਕੇ ਟਾਇਰ ਬਦਲ ਰਿਹਾ ਸੀ।
ਇਸ ਦੌਰਾਨ ਪਿੱਛੋਂ ਹੀ ਸਬਜ਼ੀ ਦੀ ਭਰੀ ਇਕ ਹੋਰ ਤੇਜ਼ ਰਫ਼ਤਾਰ ਪਿਕਅਪ ਗੱਡੀ ਦੇ ਡਰਾਈਵਰ ਨੇ ਟਾਇਰ ਬਦਲ ਰਹੇ ਮੇਰੇ ਭਰਾ 'ਤੇ ਗੱਡੀ ਚੜ੍ਹਾ ਦਿੱਤੀ। ਇਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਗੱਡੀ ਪਲਟ ਗਈ। ਪਿਕਅੱਪ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ‘ਚ ਦੋਵੇਂ ਪਿਕਅੱਪ ਗੱਡੀਆਂ ਨੁਕਸਾਨੀਆਂ ਗਈਆਂ ਅਤੇ ਲੋਡ ਕੀਤੀਆਂ ਸਬਜ਼ੀਆਂ ਦੂਰ-ਦੂਰ ਤੱਕ ਖਿੱਲਰ ਗਈਆਂ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਸਰੀਫ ਖਾਂ, ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਥਾਣੇਦਾਰ ਸਤਿਗੁਰ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੋਰਚਰੀ ਰੂਮ ਬਰਨਾਲਾ ਵਿਖੇ ਪੋਸਟਮਾਰਟਮ ਲਈ ਭੇਜ
ਦਿੱਤਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।