14ਵਾਂ ਖਾਲਸਾਈ ਖੇਡ ਉਤਸਵ, ਸਰੀਰਕ ਵਿਕਾਸ ''ਚ ਖੇਡਾਂ ਦਾ ਵਿਸ਼ੇਸ਼ ਮਹੱਤਵ : ਪ੍ਰੋ. ਬਡੂੰਗਰ

10/16/2017 6:51:25 AM

ਫਤਿਹਗੜ੍ਹ ਸਾਹਿਬ  (ਜਗਦੇਵ) - ਸਰੀਰਕ ਵਿਕਾਸ ਲਈ ਜਿੱਥੇ ਮਨੁੱਖੀ ਜੀਵਨ 'ਚ ਖੇਡਾਂ ਦਾ ਵਿਸ਼ੇਸ਼ ਮਹੱਤਵ ਹੈ, ਉਥੇ ਖੇਡਾਂ ਆਪਸੀ ਮਿਲਵਰਤਣ ਤੇ ਭਾਈਚਾਰਕ ਸਾਂਝ ਨੂੰ ਵੀ ਪੱਕਾ ਕਰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਕਾਲਜ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ 14ਵੇਂ ਖਾਲਸਾਈ ਖੇਡ ਉਤਸਵ ਮੌਕੇ ਖਿਡਾਰੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀਆਂ ਖਾਲਸਾਈ ਖੇਡਾਂ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ, ਅਧਿਆਪਕ ਅਤੇ ਮਾਪੇ ਬੱਚਿਆਂ ਅਤੇ ਨੌਜਵਾਨਾਂ ਨੂੰ ਜ਼ਿੰਦਗੀ ਸਬੰਧੀ ਚੰਗੇ ਸਰੋਕਾਰ ਦੇਣ ਲਈ ਵੱਡੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ।
ਇਸ ਖਾਲਸਾਈ ਖੇਡ ਉਤਸਵ 'ਚ ਹਿੱਸਾ ਲੈ ਰਹੀਆਂ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਦਾ ਖਾਲਸਾਈ ਲਿਬਾਸ ਸਭ ਨੂੰ ਪ੍ਰਭਾਵਿਤ ਕਰ ਰਿਹਾ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਿੱਥੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ, ਉਥੇ ਹੀ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਅਨੁਸਾਰ ਖਾਲਸਾਈ ਖੇਡਾਂ 'ਚ ਓਵਰਆਲ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ। ਖ਼ਾਲਸਾਈ ਖੇਡ ਉਤਸਵ ਦੌਰਾਨ ਵੱਖ-ਵੱਖ ਕਾਲਜਾਂ ਦੇ ਕਰੀਬ ਪੰਜ ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ 'ਚ ਗੱਤਕਾ, ਕਬੱਡੀ, ਫੁੱਟਬਾਲ, ਹਾਕੀ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਟੇਬਲ ਟੈਨਿਸ, ਰੱਸਾਕਸ਼ੀ, ਚੈੱਸ, ਹੈਂਡਬਾਲ, ਖੋ-ਖੋ, ਵੇਟ ਲਿਫਟਿੰਗ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਚੀਮਾ, ਰਣਜੀਤ ਸਿੰਘ ਲਿਬੜਾ, ਭਾਈ ਅਮਰਜੀਤ ਸਿੰਘ ਚਾਵਲਾ, ਕਰਨੈਲ ਸਿੰਘ ਪੰਜੋਲੀ, ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸੁਖਦੇਵ ਸਿੰਘ ਭੂਰਾਕੋਹਨਾ, ਸਕੱਤਰ ਕੇਵਲ ਸਿੰਘ, ਚਾਨਣ ਸਿੰਘ, ਸ. ਹਰਜੀਤ ਸਿੰਘ ਲਾਲੂ ਘੁੰਮਣ, ਗੁਰਦੀਪ ਸਿੰਘ ਕੰਗ ਮੈਨੇਜਰ, ਸ. ਅਮਰਜੀਤ ਸਿੰਘ ਮੈਨੇਜਰ ਭਗਵੰਤ ਸਿੰਘ ਧੰਗੇੜਾ, ਡਾ. ਪਰਮਵੀਰ ਸਿੰਘ, ਡਾ. ਧਰਮਿੰਦਰ ਸਿੰਘ ਉਭਾ ਪ੍ਰਿੰਸੀਪਲ, ਪ੍ਰਿੰਸੀਪਲ ਸਤਵੰਤ ਕੌਰ ਸਹਾਇਕ ਡਾਇਰੈਕਟਰ, ਅਜੈ ਸਿੰਘ ਲਿਬੜਾ, ਡਾ. ਕੁਲਦੀਪ ਸਿੰਘ ਬੱਲ, ਡਾ. ਸੁਖਦੇਵ ਸਿੰਘ, ਡਾ. ਗੁਰਵੀਰ ਸਿੰਘ, ਡਾ. ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।


Related News