ਭਾਰਤ ਦੇ ਮਸ਼ਹੂਰ ਖੇਡ ਪੱਤਰਕਾਰ ਹਰਪਾਲ ਸਿੰਘ ਬੇਦੀ ਦਾ ਦੇਹਾਂਤ
Sunday, Jun 16, 2024 - 03:04 PM (IST)
ਨਵੀਂ ਦਿੱਲੀ : ਉੱਘੇ ਖੇਡ ਪੱਤਰਕਾਰ ਹਰਪਾਲ ਸਿੰਘ ਬੇਦੀ ਦਾ ਲੰਬੀ ਬਿਮਾਰੀ ਤੋਂ ਬਾਅਦ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ 72 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਰੇਵਤੀ ਅਤੇ ਬੇਟੀ ਪੱਲਵੀ ਰਹਿ ਗਏ ਹਨ। ਉਹ ਯੂਨਾਈਟਿਡ ਨਿਊਜ਼ ਆਫ਼ ਇੰਡੀਆ (ਯੂਐੱਨਆਈ) ਦੇ ਸਾਬਕਾ ਖੇਡ ਸੰਪਾਦਕ ਅਤੇ ਭਾਰਤੀ ਖੇਡ ਪੱਤਰਕਾਰੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸਨ।
ਬੇਦੀ ਪਿਛਲੇ ਕੁਝ ਸਾਲਾਂ ਤੋਂ ਸਟੇਟਸਮੈਨ ਅਖਬਾਰ ਦੇ ਸਲਾਹਕਾਰ ਸੰਪਾਦਕ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਅੱਠ ਓਲੰਪਿਕ ਖੇਡਾਂ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਤੋਂ ਇਲਾਵਾ ਕ੍ਰਿਕਟ ਅਤੇ ਹਾਕੀ ਦੇ ਵਿਸ਼ਵ ਕੱਪ ਸਣੇ ਕਈ ਵੱਡੇ ਮੁਕਾਬਲੇ ਕਵਰ ਕੀਤੇ। ਸੀਨੀਅਰ ਪੱਤਰਕਾਰ ਅਤੇ ਖੇਡ ਪ੍ਰਸ਼ਾਸਕ ਜੀ. ਰਾਜਾਰਮਨ ਨੇ ਆਪਣੇ ਪੁਰਾਣੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ, ‘‘ਹਰਪਾਲ ਸਿੰਘ ਇੱਕ ਵਧੀਆ ਪੱਤਰਕਾਰ ਸਨ। ਸਾਰੇ ਹੀ ਉਨ੍ਹਾਂ ਨੂੰ ਪਿਆਰ ਤੇ ਉਨ੍ਹਾਂ ਦਾ ਸਨਮਾਨ ਕਰਦੇ ਸਨ।’’ ‘ਦਿ ਹਿੰਦੂ’ ਅਖ਼ਬਾਰ ਦੇ ਸਾਬਕਾ ਸੀਨੀਅਰ ਸੰਪਾਦਕ ਵਿਜੈ ਲੋਕਾਪੱਲੀ ਤੇ ਓਲੰਪਿਕ ’ਚ ਕਾਂਸੇ ਦਾ ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਹਰਪਾਲ ਸਿੰਘ ਬੇਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।