ਅੱਜ ਵਿਸ਼ਵ ਯੋਗ ਦਿਵਸ 'ਤੇ ਵਿਸ਼ੇਸ਼, ਸਰੀਰਿਕ ਤੇ ਮਾਨਸਿਕ ਵਕਾਰਾਂ ਤੋਂ ਮੁਕਤੀ ਦਾ ਅਹਿਮ ਜ਼ਰੀਆ ਹੈ 'ਯੋਗਾ'

06/21/2024 11:33:57 AM

ਗੁਰਦਾਸਪੁਰ (ਹਰਮਨ)- ਕੁਝ ਸਾਲਾਂ ਤੋਂ ਤੇਜ਼ੀ ਨਾਲ ਆ ਰਹੀਆਂ ਸਮਾਜਿਕ ਅਤੇ ਆਰਥਿਕ ਤਬਦੀਲੀਆਂ ਨੇ ਜਿਥੇ ਲੋਕਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਢੰਗ ਤਰੀਕਿਆਂ ਨੂੰ ਬਦਲ ਦਿੱਤਾ ਹੈ ਉਸ ਦੇ ਨਾਲ ਹੀ ਗਲੋਬਲ ਵਾਰਮਿੰਗ ਨੇ ਹਵਾ-ਪਾਣੀ ਨੂੰ ਦੀ ਗੁਣਵੱਤਾ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਨਤੀਜੇ ਵਜੋਂ ਸਭ ਤੋਂ ਵੱਡਾ ਅਸਰ ਮਨੁੱਖੀ ਸਿਹਤ ਉਪਰ ਪੈ ਰਿਹਾ ਹੈ। ਇਨ੍ਹਾਂ ਤਬਦੀਲੀਆਂ ਕਾਰਨ ਨਾ ਸਿਰਫ ਲੋਕਾਂ ਦੀ ਸਰੀਰਿਕ ਹਾਲਤ ਵਿਗੜ ਰਹੀ ਹੈ ਸਗੋਂ ਮਾਨਸਿਕ ਤੌਰ 'ਤੇ ਲੋਕ ਕਈ ਪ੍ਰੇਸ਼ਾਨੀਆਂ 'ਚ ਘਿਰਦੇ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿਚ ਮਨੁੱਖੀ ਸਿਹਤ ਅਤੇ ਸੁਭਾਅ ਨੂੰ ਚੁਸਤ ਦਰੁਸਤ ਰੱਖਣ ਲਈ ਜਿਥੇ ਕਈ ਤਰਾਂ ਦੀਆਂ ਮੈਡੀਕਲ ਸਹਾਇਤ ਅਤੇ ਹੋਰ ਦੇਸੀ ਟੋਟਕੇ ਅਹਿਮ ਯੋਗਦਾਨ ਪਾਉਂਦੇ ਹਨ ਉਸ ਦੇ ਨਾਲ ਹੀ ਪੁਰਾਤਨ ਕਾਲ ਤੋਂ ਚਲਦਾ ਆ ਰਿਹਾ 'ਯੋਗਾ' ਵੀ ਲੋਕਾਂ ਨੂੰ ਸਰੀਰਿਕ ਅਤੇ ਮਾਨਸਿਕ ਵਕਾਰਾਂ ਤੋਂ ਮੁਕਤ ਕਰਵਾਉਣ ਦਾ ਅਹਿਮ ਜਰੀਆ ਹੈ। ਬੇਸ਼ੱਕ 10 ਸਾਲ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਨਾਈਟਿਡ ਨੇਸ਼ਨਜ ਦੀ ਜਨਰਲ ਐਸੰਬਲੀ 'ਚ 21 ਜੂਨ ਦੇ ਦਿਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਵਿਚ ਮਨਾਉਣ ਦੇ ਪੇਸ਼ ਕੀਤੇ ਗਏ ਪ੍ਰਸਤਾਵ ਨੂੰ ਪਾਸ ਕਰਵਾਉਣ 'ਚ ਕਾਮਯਾਬ ਹੋ ਗਏ ਅਤੇ ਉਸ ਤੋਂ ਬਾਅਦ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਵਿਚ ਮਨਾਇਆ ਜਾਣ ਲੱਗ ਪਿਆ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਯੋਗਾ ਦੀ ਅਹਿਮੀਅਤ ਨੂੰ ਸਮਝਦੇ ਸਨ ਜਿਨਾਂ ਵੱਲੋਂ ਨਿਰੰਤਰ ਸਰੀਰ ਦੀ ਅਰੋਗਤਾ ਲਈ ਯੋਗਾ ਕੀਤਾ ਜਾਂਦਾ ਸੀ ਅਤੇ ਹੁਣ ਵੀ ਅਨੇਕਾਂ ਲੋਕ ਆਪਣੇ ਘਰਾਂ ਵਿਚ ਜਾਂ ਪਾਰਕਾਂ ਵਿਚ ਨਿਯਮਿਤ ਰੂਪ ਵਿਚ ਯੋਗਾ ਕਰ ਰਹੇ ਹਨ। ਪਰ ਅਜੇ ਵੀ ਜ਼ਿਆਦਾਤਰ ਲੋਕ ਯੋਗਾ ਦੀ ਅਹਿਮੀਅਤ ਨੂੰ ਸਮਝ ਨਹੀਂ ਰਹੇ ਅਤੇ ਉਨ੍ਹਾਂ ਵੱਲੋਂ ਆਪਣੀ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਲਈ ਦਵਾਈਆਂ ਦੀ ਵਰਤੋਂ ਹੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 112 SI, ASI ਅਤੇ ਹੈੱਡ ਕਾਂਸਟੇਬਲਾਂ ਦੇ ਹੋਏ ਤਬਾਦਲੇ

ਇਨਸਾਨ ਨੂੰ ਚੁਸਤ ਤੇ ਦਰੁਸਤ ਬਣਾਉਣ ਦਾ ਸੌਖਾ ਸਾਧਨ ਹੈ ਯੋਗਾ

ਯੋਗਾ ਕੋਈ ਨਵੀਂ ਤਕਨੀਕ ਨਹੀਂ ਹੈ ਸਗੋਂ ਇਹ ਇਕ ਪੁਰਾਤਨ ਰਵਾਇਤ ਹੈ ਜਿਸ ਦੀ ਮਦਦ ਨਾਲ ਪੁਰਾਣੇ ਸਮੇਂ ਵਿਚ ਲੋਕ ਆਪਣੇ ਆਪ ਨੂੰ ਸਿਹਤ ਮੰਦ ਰੱਖਦੇ ਸਨ। ਮਾਨਸਿਕ ਤਣਾਅ ਤੋਂ ਮੁਕਤੀ ਪਾਉਣ ਲਈ ਯੋਗਾ ਅਹਿਮ ਸਾਧਨ ਹੈ ਜਿਸ ਨਾਲ ਇਨਸਾਨ ਕਈ ਮਾਨਸਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਪਾ ਸਕਦਾ ਹੈ। ਸਰੀਰਕ ਵਰਜਿਸ਼, ਯੋਗ ਆਸਨ ਇਨਸਾਨ ਨੂੰ ਚੁਸਤ ਦਰੁਸਤ ਬਣਾਉਂਦੇ ਹਨ ਅਤੇ ਇਸ ਨਾਲ ਇਨਸਾਨ ਦੀ ਕੰਮ ਕਰਨ ਦੀ ਸ਼ਕਤੀ ਵਿਚ ਵੀ ਵਾਧਾ ਹੁੰਦਾ। ਪਰ ਲੋਕ ਸਰੀਰ ਨੂੰ ਤਰੋ ਤਾਜ਼ਾ ਰੱਖਣ ਲਈ ਉਲਪਬਧ ਕੁਦਰਤੀ ਸਾਧਨਾਂ ਨੂੰ ਅਪਣਾ ਨਹੀਂ ਸਕੇ। ਯੋਗ ਮਾਹਿਰਾਂ ਅਨੁਸਾਰ ਯੋਗਾ ਨਾ ਸਿਰਫ਼ ਸਰੀਰਕ ਵਕਾਰਾਂ ਅਤੇ ਬਿਮਾਰੀਆਂ ਨੂੰ ਦੂਰ ਕਰਦਾ ਹੈ ਸਗੋਂ ਇਸ ਨਾਲ ਇਨਸਾਨ ਦਾ ਮਨ ਵੀ ਕਈ ਤਰ੍ਹਾਂ ਦੇ ਤਨਾਅ ਅਤੇ ਪ੍ਰੇਸ਼ਾਨੀਆਂ ਤੋਂ ਮੁਕਤ ਹੋ ਜਾਂਦਾ ਹੈ। ਜਿਹੜੀਆਂ ਬਿਮਾਰੀਆਂ ਤੇ ਤਣਾਅ ਨੂੰ ਦਵਾਈਆਂ ਠੀਕ ਨਹੀਂ ਕਰ ਸਕਦੀਆਂ ਹਨ, ਉਨਾਂ ਬਿਮਾਰੀਆਂ ਨੂੰ ਯੋਗਾ ਕਰਕੇ ਠੀਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮੁਫਤ ਕੈਂਪਾਂ ਵਿਚ ਸ਼ਾਮਲ ਨਹੀਂ ਹੁੰਦੇ ਲੋਕ

ਹੈਰਾਨੀ ਦੀ ਗੱਲ ਹੈ ਕਿ ਲੋਕ ਮਹਿੰਗੀਆਂ ਦਵਾਈਆਂ ਤਾਂ ਖਾਂਦੇ ਹਨ। ਪਰ ਯੋਗਾ ਕਰਵਾਉਣ ਲਈ ਲਗਾਏ ਜਾਂਦੇ ਮੁਫਤ ਕੈਂਪਾਂ ਵਿਚ ਹਿੱਸਾ ਨਹੀਂ ਲੈਂਦੇ। ਇਸ ਰੁਝਾਨ ਲਈ ਜਿਥੇ ਲੋਕਾਂ 'ਚ ਜਾਗਰੂਕਤਾ ਦੀ ਘਾਟ ਹੈ ਉਥੇ ਲੋਕਾਂ ਦਾ ਆਲਸੀ ਸੁਭਾਅ ਵੀ ਜਿੰਮੇਵਾਰ ਹੈ ਕਿਉਂਕਿ ਲੋਕ ਮਹਿੰਗੀਆਂ ਦਵਾਈਆਂ ਖਾ ਕੇ ਸਿਹਤਮੰਦ ਹੋਣਾ ਪਸੰਦ ਕਰਦੇ ਹਨ ਜਦੋਂ ਕਿ ਯੋਗਾ ਲਈ ਥੋੜਾ ਟਾਇਮ ਕੱਢਣ 'ਚ ਮੁਸ਼ਕਿਲ ਮਹਿਸੂਸ ਕਰਦੇ ਹਨ। ਗੁਰਦਾਸਪੁਰ ਸ਼ਹਿਰ ਅੰਦਰ ਰੋਜਾਨਾ ਹੀ ਅਨੇਕਾਂ ਥਾਵਾਂ 'ਤੇ ਪਤੰਜਲੀ ਯੋਗ ਸਮਿਤੀ ਅਤੇ ਹੋਰ ਸੰਸਥਾਵਾਂ ਵੱਲੋਂ ਸਵੇਰੇ ਤੜਕਸਾਰ ਯੋਗ ਕੈਂਪ ਲਗਾਏ ਜਾਂਦੇ ਹਨ। ਪਰ ਇਲਾਕੇ ਵਿਚ ਲੱਖਾਂ ਦੀ ਅਬਾਦੀ ਹੋਣ ਦੇ ਬਾਵਜੂਦ ਕੁਝ ਦਰਜਨ ਲੋਕ ਹੀ ਇਨਾਂ ਕੈਂਪਾਂ ਵਿਚ ਪਹੁੰਚਦੇ ਹਨ, ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਲੋਕ ਯੋਗਾ ਦੇ ਫਾਇਦਿਆਂ ਤੋਂ ਅਣਜਾਣ ਹਨ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਗੁਰਦਾਸਪੁਰ ਸ਼ਹਿਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਯੋਗਾ ਕੈਂਪ ਵੀ ਲਗਾਏ ਜਾ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਲੋਕ ਅਜੇ ਵੀ ਜਾਗਰੂਕ ਨਹੀਂ ਹੋ ਰਹੇ। ਇਕੱਲੇ ਗੁਰਦਾਸਪੁਰ ਸ਼ਹਿਰ ਵਿਚ ਪਿਛਲੇ ਕਈ ਸਾਲਾਂ ਤੋਂ ਕੈਂਪ ਲਗਾਏ ਜਾ ਰਹੇ ਹਨ । ਪਰ ਇਸ ਦੇ ਬਾਵਜੂਦ ਲੋਕ ਇਨਾਂ ਕੈਂਪਾਂ ਵਿਚ ਆਉਣਾ ਜ਼ਰੂਰੀ ਨਹੀਂ ਸਮਝਦੇ। ਇਸੇ ਕਾਰਨ ਕਈ ਕੈਂਪ ਬੰਦ ਵੀ ਕਰਨੇ ਪਏ ਸਨ। ਪਰ ਅਜੇ ਵੀ ਉਮੀਦ ਹੈ ਕਿ ਲੋਕ ਜਲਦੀ ਹੀ ਜਾਗਰੂਕ ਹੋਣਗੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News