24 ਜੂਨ ਨੂੰ ਸ਼ੁਰੂ ਹੋ ਸਕਦੈ ਸੰਸਦ ਦਾ ਵਿਸ਼ੇਸ਼ ਸੈਸ਼ਨ
Tuesday, Jun 11, 2024 - 05:29 PM (IST)
ਨਵੀਂ ਦਿੱਲੀ- ਮੋਦੀ ਸਰਕਾਰ 3.0 ਦੇ ਸਹੁੰ ਚੁੱਕਣ ਅਤੇ ਮੰਤਰੀਆਂ ਦੇ ਅਹੁਦਿਆਂ ਦੀ ਵੰਡ ਮਗਰੋਂ ਹੁਣ 24 ਜੂਨ ਨੂੰ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸੰਸਦ ਦਾ 8 ਦਿਨੀਂ ਵਿਸ਼ੇਸ਼ ਸੈਸ਼ਨ 24 ਜੂਨ ਤੋਂ 3 ਜੁਲਾਈ ਤੱਕ ਚੱਲ ਸਕਦਾ ਹੈ। ਉੱਥੇ ਹੀ 26 ਜੂਨ ਨੂੰ ਲੋਕ ਸਭਾ ਸਪੀਕਰ ਦੀ ਚੋਣ ਹੋਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ 4 ਜੂਨ ਨੂੰ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਸਨ। ਇਸ ਵਿਚ ਭਾਜਪਾ ਅਗਵਾਈ ਵਾਲੀ NDA ਗਠਜੋੜ ਨੇ 293 ਸੀਟਾਂ ਨਾਲ ਜਿੱਤ ਹਾਸਲ ਕੀਤੀ ਸੀ। ਨਤੀਜਿਆਂ ਮਗਰੋਂ ਇਹ ਗੱਲ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਸੀ ਕਿ NDA ਕੇਂਦਰ ਵਿਚ ਸਰਕਾਰ ਬਣਾਏਗੀ ਅਤੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੀ ਸੰਸਦ ਮੈਂਬਰਾਂ ਸਮੇਤ 72 ਨੇਤਾਵਾਂ ਨੇ ਮੋਦੀ ਕੈਬਨਿਟ 3.0 ਦੀ ਸਹੁੰ ਚੁੱਕੀ। ਇਸ ਦੇ ਠੀਕ ਅਗਲੇ ਦਿਨ ਯਾਨੀ ਕਿ 10 ਜੂਨ ਨੂੰ ਸਾਰੇ ਮੰਤਰੀਆਂ ਨੂੰ ਅਹੁਦੇ ਵੰਡ ਦਿੱਤੇ ਗਏ।
ਦੱਸ ਦੇਈਏ ਕਿ ਭਾਜਪਾ ਦੀ ਅਗਵਾਈ ਵਾਲੇ NDA ਗਠਜੋੜ ਨੂੰ 293 ਸੀਟਾਂ ਮਿਲੀਆਂ ਸਨ। ਜਦਕਿ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਇੰਡੀਆ ਗਠਜੋੜ ਨੂੰ 234 ਸੀਟਾਂ ਮਿਲੀਆਂ ਸਨ। ਹਾਲ ਹੀ ਵਿਚ ਚੋਣਾਂ ਵਿਚ ਭਾਜਪਾ ਨੂੰ ਨੁਕਸਾਨ ਝੱਲਣਾ ਪਿਆ ਅਤੇ ਉਸ ਦੇ ਸੰਸਦ ਮੈਂਬਰ 303 ਤੋਂ ਘੱਟ ਕੇ 240 ਰਹਿ ਗਏ। ਜਦਕਿ ਕਾਂਗਰਸ ਦਾ ਪ੍ਰਦਰਸ਼ਨ ਮਜ਼ਬੂਤ ਰਿਹਾ ਅਤੇ ਉਸ ਦੀਆਂ ਸੀਟਾਂ ਵੱਧ ਕੇ 99 ਹੋ ਗਈ।