13 ਸਾਲ ਦੀ ਬੱਚੀ ਦੀ ਬਦੌਲਤ 6 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, ਜਾਣ ਹੋਵੋਗੇ ਹੈਰਾਨ

Tuesday, Jul 20, 2021 - 02:31 PM (IST)

13 ਸਾਲ ਦੀ ਬੱਚੀ ਦੀ ਬਦੌਲਤ 6 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, ਜਾਣ ਹੋਵੋਗੇ ਹੈਰਾਨ

ਚੰਡੀਗੜ੍ਹ (ਪਾਲ) : 13 ਸਾਲ ਦੀ ਮਾਸੂਸ ਦੀ ਬਦੌਲਤ 6 ਲੋਕਾਂ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੀ ਹੈ। 18 ਜੁਲਾਈ ਨੂੰ ਬ੍ਰੇਨ ਡੈੱਡ ਹੋਣ ਤੋਂ ਬਾਅਦ ਬੱਚੀ ਦੇ ਅੰਗ ਜ਼ਰੂਰਤਮੰਦ ਮਰੀਜ਼ਾਂ ਨੂੰ ਪੀ. ਜੀ. ਆਈ. ਨੇ ਟਰਾਂਸਪਲਾਂਟ ਕੀਤੇ ਹਨ। ਐਕਟਿੰਗ ਨੋਡਲ ਅਫ਼ਸਰ ਰੋਟੋ ਪ੍ਰੋ. ਅਸ਼ੋਕ ਕੁਮਾਰ ਨੇ ਦੱਸਿਆ ਡੋਨਰ ਫੈਮਿਲੀ ਖੁਦ ਚਾਹੁੰਦੀ ਸੀ ਕਿ ਉਨ੍ਹਾਂ ਦੀ ਬੇਟੀ ਦੀ ਜ਼ਿੰਦਗੀ ਇੰਝ ਹੀ ਜਾਇਆ ਨਾ ਜਾਵੇ। ਭਾਵੇਂ ਹੀ ਬੇਟੀ ਦੁਨੀਆ ਵਿਚ ਨਹੀਂ ਰਹੀ ਪਰ ਕਿਸੇ ਹੋਰ ਦੇ ਸਰੀਰ ਵਿਚ ਉਹ ਇਸ ਦੁਨੀਆ ਨੂੰ ਵੇਖੇ। ਇਸ ਸੋਚ ਦੇ ਨਾਲ ਉਨ੍ਹਾਂ ਨੇ ਇਹ ਫੈਸਲਾ ਲਿਆ। ਸਹਿਮਤੀ ਤੋਂ ਬਾਅਦ ਬੱਚੀ ਦਾ ਹਾਰਟ, ਲਿਵਰ, ਕਿਡਨੀ, ਕੌਰਨੀਆ ਕੱਢਿਆ ਗਿਆ। ਹਾਰਟ ਨੂੰ ਛੱਡ ਕੇ ਸਾਰੇ ਅੰਗ ਪੀ. ਜੀ. ਆਈ. ’ਚ ਮਰੀਜ਼ਾਂ ਨੂੰ ਟਰਾਂਸਪਲਾਂਟ ਹੋਏ ਪਰ ਹਾਰਟ ਦਾ ਕੋਈ ਮੈਚਿੰਗ ਰਿਸੀਪਿਅੰਟ ਪੀ. ਜੀ. ਆਈ. ’ਚ ਨਹੀਂ ਮਿਲਿਆ। ਅਸੀਂ ਕਈ ਦੂਜੇ ਟਰਾਂਸਪਲਾਂਟ ਹਸਪਤਾਲਾਂ ਨਾਲ ਵੀ ਸੰਪਰਕ ਕੀਤਾ। ਸਾਨੂੰ ਮੁੰਬਈ ਦੇ ਸਰ ਐੱਚ.ਐੱਨ. ਰਿਲਾਇੰਸ ਹਸਪਤਾਲ ਵਿਚ ਹਾਰਟ ਦਾ ਮੈਚਿੰਗ ਰਿਸੀਪਿਅੰਟ ਮਿਲਿਆ। ਅੰਗ ਨੂੰ ਭੇਜਣਾ ਅਜਿਹੇ ਸਮੇਂ ਵਿਚ ਹਮੇਸ਼ਾ ਮੁਸ਼ਕਲ ਹੁੰਦਾ ਹੈ। ਪੀ. ਜੀ. ਆਈ. ਤੋਂ ਗ੍ਰੀਨ ਕੌਰੀਡੋਰ ਬਣਾ ਕੇ ਸਵੇਰੇ 6:35 ਵਜੇ ਏਅਰਪੋਰਟ ’ਤੇ ਹਾਰਟ ਭੇਜਿਆ ਗਿਆ। ਅੰਗ ਜਿੰਨਾ ਵੱਡਾ ਹੁੰਦਾ ਹੈ, ਉਸ ਦੇ ਖ਼ਰਾਬ ਹੋਣ ਦੇ ਆਸਾਰ ਓਨੇ ਵਧ ਜਾਂਦੇ ਹਨ। ਅਜਿਹੇ ਵਿਚ ਇਹ ਸਮੇਂ ਦੇ ਨਾਲ ਰੇਸ ਲਗਾਉਣ ਵਰਗਾ ਹੈ। ਚੰਡੀਗੜ੍ਹ ਅਤੇ ਮੋਹਾਲੀ ਪੁਲਸ, ਸੀ. ਆਈ. ਐੱਸ. ਐੱਫ਼. ਅਤੇ ਏਅਰਪੋਰਟ ਸਟਾਫ਼ ਦਾ ਇਸ ਵਿਚ ਵੱਡਾ ਸਹਿਯੋਗ ਰਿਹਾ, ਜਿਸ ਕਾਰਣ ਅਸੀਂ ਸਮੇਂ ’ਤੇ ਅੰਗ ਭੇਜ ਸਕੇ।

ਇਹ ਵੀ ਪੜ੍ਹੋ : ਰਾਜਗ ਸਰਕਾਰ ਨੇ ਸਿਆਸਤਦਾਨਾਂ ਤੇ ਹੋਰਨਾਂ ਦੇ ਫੋਨ ਟੈਪ ਕਰ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ : ਅਮਰਿੰਦਰ

8 ਜੁਲਾਈ ਨੂੰ ਘਰ ’ਚ ਹੋ ਗਈ ਸੀ ਬੇਹੋਸ਼
ਚੰਡੀਗੜ੍ਹ ਦੀ ਰਹਿਣ ਵਾਲੀ 13 ਸਾਲਾ ਬੱਚੀ 8 ਜੁਲਾਈ ਨੂੰ ਘਰ ’ਚ ਹੀ ਬੇਹੋਸ਼ ਹੋ ਗਈ। ਪਰਿਵਾਰ ਉਸ ਨੂੰ ਸੈਕਟਰ-16 ਹਸਪਤਾਲ ਵਿਚ ਲੈ ਕੇ ਗਿਆ ਪਰ ਸਥਿਤੀ ਜ਼ਿਆਦਾ ਖ਼ਰਾਬ ਹੋਣ ਕਾਰਣ ਉਸ ਨੂੰ ਅਗਲੇ ਦਿਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। 10 ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਾਰੇ ਪ੍ਰੋਟੋਕਾਲ ਤੋਂ ਬਾਅਦ 18 ਜੁਲਾਈ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸੀ। ਪੀ. ਜੀ. ਆਈ. ਕੋਆਰਡੀਨੇਟਰ ਨੇ ਜਦੋਂ ਪਰਿਵਾਰ ਨੂੰ ਅੰਗ ਦਾਨ ਬਾਰੇ ਦੱਸਿਆ ਤਾਂ ਪਿਤਾ ਨੇ ਇਸ ਮੁਸ਼ਕਿਲ ਵਕਤ ਵਿਚ ਵੀ ਹਿੰਮਤ ਨਾਲ ਫੈਸਲਾ ਲੈਂਦਿਆਂ ਅੰਗ ਦਾਨ ਲਈ ਸਹਿਮਤੀ ਦਿੱਤੀ। ਬੱਚੀ ਦੇ ਪਿਤਾ ਕਹਿੰਦੇ ਹਨ ਕਿ ਇਹ ਇਕ ਅਜਿਹਾ ਕਦਮ ਅਤੇ ਕੰਮ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਹਾਲਾਂਕਿ ਇਹ ਆਸਾਨ ਨਹੀਂ ਹੈ। ਕਿਸੇ ਆਪਣੇ ਨੂੰ ਖੋਣਾ ਅਤੇ ਉਸ ਦੇ ਅੰਗ ਦਾਨ ਕਰਨਾ ਪਰ ਅਸੀ ਨਹੀਂ ਚਾਹੁੰਦੇ ਸੀ ਕਿ ਜੋ ਦਰਦ ਅਸੀ ਝੱਲ ਰਹੇ ਹਾਂ, ਉਹ ਕੋਈ ਹੋਰ ਵੀ ਮਹਿਸੂਸ ਕਰੇ। ਬੱਸ, ਇਹੀ ਸੋਚ ਕੇ ਅਸੀਂ ਅੰਗ ਦਾਨ ਕਰਨ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ : ਜਾਣੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਕਾਰਜਕਾਰੀ ਪ੍ਰਧਾਨਾਂ ਦਾ ਕਿਹੋ ਜਿਹਾ ਰਿਹਾ ਸਿਆਸੀ ਸਫ਼ਰ

ਬਹੁਤ ਹੀ ਘੱਟ ਸਮੇਂ ਵਿਚ ਇਸ ਤਰ੍ਹਾਂ ਦਾ ਟਰਾਂਸਪਲਾਂਟ ਕਰਨਾ ਆਸਾਨ ਨਹੀਂ ਹੈ। ਫੇਰ ਚਾਹੇ ਤੁਹਾਡੇ ਕੋਲ ਮਾਹਿਰ ਹੀ ਕਿਉਂ ਨਾ ਹੋਣ। ਇਹ ਸਭ ਬੇਕਾਰ ਹੈ, ਜੇਕਰ ਫੈਮਿਲੀ ਸਾਥ ਨਾ ਦੇਵੇ। ਇਸ ਮੁਸ਼ਕਿਲ ਸਮੇਂ ਵਿਚ ਇਸ ਤਰ੍ਹਾਂ ਦਾ ਵੱਡਾ ਫੈਸਲਾ ਆਸਾਨ ਨਹੀਂ ਹੈ। ਪਰਿਵਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਕਿਸੇ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੀ ਹੈ। -ਡਾ. ਜਗਤ ਰਾਮ, ਡਾਇਰੈਕਟਰ, ਪੀ. ਜੀ.ਆਈ.।

ਇਹ ਵੀ ਪੜ੍ਹੋ : ਭੇਤਭਰੇ ਹਾਲਤ ’ਚ ਸਰਕਾਰੀ ਅਧਿਆਪਕਾ ਦੀ ਮੌਤ, ਸਹੁਰੇ ਪਰਿਵਾਰ ’ਤੇ ਲਾਇਆ ਕਤਲ ਦਾ ਦੋਸ਼

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News