ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ
Wednesday, Jul 13, 2022 - 02:04 PM (IST)

ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ ਦੇ ਨੇੜਲੇ ਪਿੰਡ ਖੇੜਾ ਦੇ ਵਾਸੀ ਪਰਸਾ ਸਿੰਘ ਦੇ ਨਾਬਾਲਗ 12 ਸਾਲਾ ਪੁੱਤਰ ਅਰਮਾਨਦੀਪ ਸਿੰਘ ਨੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਬੱਚੇ ਦੇ ਪਿਤਾ ਪਰਸਾ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਕੰਮ ’ਤੇ ਗਿਆ ਹੋਇਆ ਸੀ। ਉਸ ਨੂੰ ਫੋਨ ਆਇਆ ਕਿ ਉਸ ਦੇ ਪੁੱਤਰ ਅਰਮਾਨਦੀਪ ਨੇ ਘਰ ਦੇ ਕਮਰੇ 'ਚ ਖ਼ੁਦਕੁਸ਼ੀ ਕਰ ਲਈ ਹੈ। ਪਰਸਾ ਸਿੰਘ ਅਨੁਸਾਰ ਜਦੋਂ ਉਹ ਘਰ ਪੁੱਜਾ ਤਾਂ ਅਰਮਾਨਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਬੱਚੇ ਅਰਮਾਨਦੀਪ ਸਿੰਘ ਦੀ ਮਾਤਾ ਨੇ ਵੀ ਕੋਈ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਸਦਾ ਵੱਡਾ ਪੁੱਤਰ ਮੰਦਬੁੱਧੀ ਅਤੇ ਕਾਫ਼ੀ ਬੀਮਾਰ ਰਹਿੰਦਾ ਹੈ। ਇਸ ਪਰੇਸ਼ਾਨੀ ਕਾਰਨ ਮਾਂ ਨੇ ਖ਼ੁਦਕੁਸ਼ੀ ਕੀਤੀ ਅਤੇ ਉਸ ਤੋਂ ਬਾਅਦ ਅਰਮਾਨਦੀਪ ਸਿੰਘ 'ਤੇ ਆਪਣੇ ਵੱਡੇ ਭਰਾ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਆ ਪਈ ਅਤੇ ਨਾਲ ਹੀ ਉਹ ਆਪਣੀ ਮਰੀ ਹੋਈ ਮਾਂ ਨੂੰ ਬਹੁਤ ਯਾਦ ਕਰਦਾ ਰਹਿੰਦਾ ਸੀ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ 2 ਘੰਟੇ ਨਹੀਂ ਚੱਲਣਗੀਆਂ ਬੱਸਾਂ
ਪਿਤਾ ਪਰਸਾ ਸਿੰਘ ਨੇ ਦੱਸਿਆ ਕਿ ਮਾਂ ਦੀ ਮੌਤ ਤੋਂ ਬਾਅਦ ਅਰਮਾਨਦੀਪ ਸਿੰਘ ਉਸ ਨੂੰ ਭੁੱਲ ਨਾ ਸਕਿਆ ਅਤੇ ਪਰੇਸ਼ਾਨ ਰਹਿਣ ਲੱਗ ਪਿਆ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਸੇਮ ਕੁਮਾਰ ਨੇ ਦੱਸਿਆ ਕਿ ਅਰਮਾਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਬੱਚੇ ਦਾ ਆਪਣੀ ਮਾਂ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣਾ ਸਾਹਮਣੇ ਆਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ