ਮੱਥੇ ’ਚ ਹਥੌੜੇ ਮਾਰ ਕੇ 12 ਸਾਲਾ ਬੱਚੀ ਦਾ ਨਸ਼ੇੜੀ ਨੇ ਕੀਤਾ ਕਤਲ

Sunday, Feb 14, 2021 - 02:32 AM (IST)

ਗੁਰਾਇਆ,(ਜ. ਬ.)– ਇਲਾਕੇ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨਸ਼ੇੜੀ ਨੌਜਵਾਨ ਨੇ 12 ਸਾਲਾ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ 12 ਸਾਲਾ ਬੱਚੀ ਜਿਹੜੀ 7ਵੀਂ ਜਮਾਤ ਵਿਚ ਪੜ੍ਹਦੀ ਸੀ, ਸ਼ਨੀਵਾਰ ਨੂੰ ਆਪਣੇ ਘਰ ਦੇ ਬਾਹਰ ਛੋਟੇ ਭਰਾ ਅਤੇ ਸਹੇਲੀਆਂ ਨਾਲ ਖੇਡ ਰਹੀ ਸੀ ਕਿ ਸ਼ਾਮੀਂ 4 ਵਜੇ ਤੋਂ ਬਾਅਦ ਕਿਤੇ ਲਾਪਤਾ ਹੋ ਗਈ। ਇਸ ਤੋਂ ਬਾਅਦ ਜਦੋਂ ਉਸਦਾ ਛੋਟਾ ਭਰਾ ਤਾਂ ਘਰ ਆ ਗਿਆ ਪਰ ਉਹ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਕਿਤੇ ਨਾ ਮਿਲੀ।

ਦੂਜੇ ਪਾਸੇ ਬੱਚੀ ਦੇ ਲਾਪਤਾ ਹੋਣ ’ਤੇ ਪਿੰਡ ਵਾਸੀਆਂ ਅਤੇ ਪੁਲਸ ਨੇ ਤੇਜ਼ੀ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿੰਡ ਵਿਚ ਲੱਗੇ ਸਾਰੇ ਸੀ. ਸੀ. ਟੀ.ਵੀ. ਕੈਮਰਿਆਂ ਨੂੰ ਚੈੱਕ ਕੀਤਾ ਗਿਆ, ਅਨਾਊਂਸਮੈਂਟ ਕਰਵਾਈ ਗਈ ਅਤੇ ਸੋਸ਼ਲ ਮੀਡੀਆ ’ਤੇ ਵੀ ਬੱਚੀ ਦੀ ਫੋਟੋ ਨੂੰ ਵਾਇਰਲ ਕੀਤਾ ਗਿਆ ਪਰ ਕਈ ਘੰਟੇ ਉਸ ਦਾ ਕੁਝ ਪਤਾ ਨਾ ਲੱਗਾ। ਇਸ ਤੋਂ ਬਾਅਦ ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਸੀ. ਸੀ. ਟੀ. ਵੀ. ਫੁਟੇਜ ਵਿਚ ਬੱਚੀ ਆਪਣੇ ਘਰ ਦੀ ਗਲੀ ਵਿਚੋਂ ਬਾਹਰ ਨਿਕਲਦੀ ਦਿਖਾਈ ਨਹੀਂ ਦੇ ਰਹੀ। ਪੁਲਸ ਨੇ ਫਿਰ ਮੁਹੱਲੇ ਦੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਪੁਲਸ ਨੇ ਗੁਆਂਢੀ ਦੇ ਘਰ ਦਾ ਤਾਲਾ ਖੁਲ੍ਹਵਾਇਆ ਤਾਂ ਅੰਦਰ ਬੱਚੀ ਖੂਨ ਵਿਚ ਲਥਪਥ ਹਾਲਤ ਵਿਚ ਪਈ ਸੀ, ਜਿਸ ਦੇ ਮੱਥੇ ’ਤੇ ਲੋਹੇ ਦੇ ਹਥੌੜੇ ਨਾਲ ਕਈ ਵਾਰ ਕੀਤੇ ਹੋਏ ਸਨ ਅਤੇ ਮੂੰਹ ’ਤੇ ਮੁਲਜ਼ਮ ਨੇ ਰੇਤ ਦੇ ਬੋਰੇ ਰੱਖੇ ਹੋਏ ਸਨ ਅਤੇ ਨੇੜੇ ਹੀ ਹਥੌੜਾ ਪਿਆ ਹੋਇਆ ਸੀ। ਹਾਲਾਂਕਿ ਬੱਚੀ ਦੇ ਸਾਹ ਚੱਲ ਰਹੇ ਸਨ, ਜਿਸ ਨੂੰ ਤੁਰੰਤ ਉਸਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਫਗਵਾੜਾ ਦੇ ਸਿਵਲ ਹਸਪਤਾਲ ਵਿਚ ਲੈ ਕੇ ਗਏ ਪਰ ਉਥੇ ਪਹੁੰਚਦੇ ਹੀ ਉਸਨੇ ਦਮ ਤੋੜ ਦਿੱਤਾ।

ਬੱਚੀ ਦੀ ਮੌਤ ਦੀ ਸੂਚਨਾ ਮਿਲਣ ਤੋਂ ਭੜਕੇ ਪਿੰਡ ਵਾਸੀਆਂ ਨੇ ਮੁਲਜ਼ਮ ਦੀ ਕਾਫੀ ਕੁੱਟਮਾਰ ਕੀਤੀ ਪਰ ਪੁਲਸ ਉਸ ਨੂੰ ਕਿਸੇ ਤਰ੍ਹਾਂ ਪਿੰਡ ਵਾਸੀਆਂ ਤੋਂ ਬਚਾਅ ਕੇ ਉਥੋਂ ਕੱਢ ਕੇ ਲੈ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਫਗਵਾੜਾ ਪਹੁੰਚੇ ਥਾਣਾ ਇੰਚਾਰਜ ਗੁਰਾਇਆ ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਸ਼ਾਮੀਂ ਮਿਲੀ ਸੀ। ਉਹ ਖੁਦ ਚੋਣ ਡਿਊਟੀ ਲੱਗੀ ਹੋਣ ਕਾਰਣ ਫਿਲੌਰ ਵਿਚ ਸਨ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਹੈ, ਜਿਥੇ ਐਤਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।

ਘਰ ’ਚ ਇਕੱਲਾ ਹੀ ਰਹਿੰਦਾ ਸੀ ਮੁਲਜ਼ਮ
ਪਿੰਡ ਵਾਸੀਆਂ ਨੇ ਦੱਸਿਆ ਕਿ 28 ਸਾਲਾ ਮੁਲਜ਼ਮ ਨੌਜਵਾਨ ਨਸ਼ੇੜੀ ਹੈ, ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਉਕਤ ਨੌਜਵਾਨ ਦੀ ਇਕ ਭੈਣ ਹੈ ਪਰ ਉਹ ਘਰ ਵਿਚ ਇਕੱਲਾ ਹੀ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲੇਬਰ ਦਾ ਕੰਮ ਕਰਦਾ ਸੀ। ਉਹ ਬੱਚੀ ਨੂੰ ਕਿਵੇਂ ਆਪਣੇ ਘਰ ਲੈ ਗਿਆ, ਇਹ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ। ਮੁਲਜ਼ਮ ਖੁਦ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਉਸਨੂੰ ਲੱਭਣ ਵਿਚ ਲੱਗਾ ਹੋਇਆ ਸੀ ਜਦਕਿ ਬੱਚੀ ਪੁਲਸ ਨੇ ਉਸਦੇ ਘਰ ਵਿਚੋਂ ਹੀ ਬਰਾਮਦ ਕੀਤੀ।


Bharat Thapa

Content Editor

Related News