115ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ: ਰਾਜਨੇਤਾਵਾਂ ਦੀ ਦੇਣ ਹਨ ਇਹ ਲੜਾਈਆਂ : ਧਰਮਸੌਤ
Monday, Sep 17, 2018 - 12:06 PM (IST)

ਜਲੰਧਰ(ਬਿਊਰੋ)— ਪੰਜਾਬ ਕੇਸਰੀ ਗਰੁੱਪ ਵਲੋਂ ਜਲੰਧਰ ਵਿਚ ਐਤਵਾਰ ਨੂੰ 115ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਪੰਜਾਬ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਅੱਜ ਜੋ ਕਿਰਾਏ ਦੇ ਗੁੰਡੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰ ਰਹੇ ਹਨ, ਉਹ ਸਭ ਗੱਲਾਂ ਰਾਜਨੇਤਾਵਾਂ ਦੀ ਦੇਣ ਹਨ, ਜੋ ਵੋਟਾਂ ਲਈ ਲੜਾਈਆਂ ਕਰਵਾ ਰਹੇ ਹਨ। ਚਾਹੇ ਗੁਜਰਾਤ ਹੋਵੇ ਜਾਂ ਪੰਜਾਬ ਧਰਮ ਦੇ ਆਧਾਰ 'ਤੇ ਜੋ ਵੀ ਵੋਟ ਮੰਗਣ ਆਵੇ, ਉਸ ਨੂੰ ਭਜਾ ਦੇਵੋ। ਅਜਿਹੇ ਅਨਸਰ ਹਿੰਦੋਸਤਾਨੀ ਨਹੀਂ ਹੋ ਸਕਦੇ ਬਲਕਿ ਸਿਆਸੀ ਰੋਟੀਆਂ ਸੇਕਦੇ ਹਨ। ਅਜਿਹੇ ਅਨਸਰਾਂ ਨੂੰ ਸਾਫ ਕਹੋ ਕਿ ਉਹ ਆਪਣੇ ਨਾਂ ਅਤੇ ਆਪਣੇ ਕੰਮ ਅਤੇ ਪਾਰਟੀ ਦੇ ਦਮ 'ਤੇ ਵੋਟ ਮੰਗਣ, ਉਨ੍ਹਾਂ ਦੀਆਂ ਸ਼ਰਤਾਂ ਨੂੰ ਸਫਲ ਨਾ ਹੋਣ ਦੇਣ।
ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਮਿੱਟੀ ਖੂਨ ਤੋਂ ਜ਼ਿਆਦਾ ਕੀਮਤੀ ਹੈ। ਖੂਨ ਦੇ ਦਿਆਂਗੇ ਪਰ ਮਿੱਟੀ ਨਹੀਂ ਦਿਆਂਗੇ। ਗੁਰੂਆਂ ਨੇ ਉਪਦੇਸ਼ ਦਿੱਤੇ ਕਿ ਸਰਬੱਤ ਦਾ ਭਲਾ ਕਰੋ ਅਤੇ ਦੂਜਿਆਂ ਦੇ ਦੁੱਖ 'ਚ ਸ਼ਰੀਕ ਰਹੋ, ਅੱਜ ਅਜਿਹੇ ਸਹਾਇਤਾ ਵੰਡ ਸਮਾਰੋਹ ਉਨ੍ਹਾਂ ਹੀ ਉਪਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਪੰਜਾਬ ਦੇ ਕਾਲੇ ਦਿਨਾਂ ਦੀ ਯਾਦ ਕਰ ਕੇ ਅੱਜ ਵੀ ਮਨ ਕੰਬ ਜਾਂਦਾ ਹੈ ਪਰ ਇਸ ਪਰਿਵਾਰ ਨੇ ਸਦਾ ਏਕਤਾ, ਅਖੰਡਤਾ ਨੂੰ ਬੜ੍ਹਾਵਾ ਦਿੱਤਾ ਹੈ।