ਬੇਕਾਬੂ ਸਕੂਲ ਬੱਸ ਪਲਟੀ, 6 ਬੱਚਿਆਂ, 3 ਅਧਿਆਪਕਾਂ ਸਮੇਤ 11 ਜ਼ਖ਼ਮੀ

02/23/2018 11:31:01 PM

ਹੁਸ਼ਿਆਰਪੁਰ, (ਘੁੰਮਣ)- ਅੱਜ ਦੁਪਹਿਰ ਕਰੀਬ ਪੌਣੇ 4 ਵਜੇ ਸ਼ਹਿਰ ਦੇ ਮੁੱਖ ਡਾਕਘਰ ਕੋਲ ਇਨਡੋਰ ਸਟੇਡੀਅਮ ਦੇ ਸਾਹਮਣੇ ਛੁੱਟੀ ਉਪਰੰਤ ਬੱਚਿਆਂ ਤੇ ਸਟਾਫ਼ ਨੂੰ ਘਰਾਂ 'ਚ ਛੱਡਣ ਜਾ ਰਹੀ ਇਕ ਸਕੂਲ ਬੱਸ ਦੇ ਪਲਟ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਊਨਾ ਰੋਡ 'ਤੇ ਸਥਿਤ ਲਿਟਲ ਫਲਾਵਰ ਸਕੂਲ ਦੀ ਬੱਸ ਦੇ ਚਾਲਕ ਵੱਲੋਂ ਮੋੜ ਕੱਟਣ ਸਮੇਂ ਬੱਸ ਬੇਕਾਬੂ ਹੋ ਕੇ ਸੜਕ ਵਿਚਕਾਰ ਪਲਟ ਗਈ।
PunjabKesari
ਹਾਦਸੇ 'ਚ ਬੱਸ ਵਿਚ ਸਵਾਰ 32 ਵਿਅਕਤੀਆਂ 'ਚੋਂ 6 ਬੱਚੇ ਅਤੇ 3 ਅਧਿਆਪਕਾਂ ਸਮੇਤ 11 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਐਂਬੂਲੈਂਸਾਂ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਅਨੁਸਾਰ ਹਾਦਸੇ ਦਾ ਕਾਰਨ ਬੱਸ ਦਾ ਓਵਰ ਸਪੀਡ ਹੋਣਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। 
PunjabKesari
ਸਿਵਲ ਹਸਪਤਾਲ 'ਚ ਦਾਖਲ ਜ਼ਖ਼ਮੀਆਂ 'ਚ ਬੱਸ ਦਾ ਕੰਡਕਟਰ ਪਵਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਅਸਲਾਮਾਬਾਦ, ਡਰਾਈਵਰ ਮਨਪ੍ਰੀਤ ਸਿੰਘ ਪੁੱਤਰ ਤਰਸੇਮ ਲਾਲ ਵਾਸੀ ਚੱਗਰਾਂ, ਅਧਿਆਪਕਾ ਰਾਜੇਸ਼ ਸ਼ਰਮਾ ਪਤਨੀ ਘਣਸ਼ਿਆਮ ਸ਼ਰਮਾ ਵਾਸੀ ਪਹਾੜੀ ਕਟੜਾ, ਅਧਿਆਪਕਾ ਮਨਜੀਤ ਕੌਰ ਪਤਨੀ ਦਵਿੰਦਰ ਵਾਸੀ ਰੇਸ਼ਮ ਨਗਰ ਤੇ ਅਧਿਆਪਕਾ ਚਾਂਦ ਰਾਣੀ ਪਤਨੀ ਕਮਲ ਵਰਮਾ ਵਾਸੀ ਭਵਾਨੀ ਨਗਰ ਤੋਂ ਇਲਾਵਾ ਬੱਚਿਆਂ ਵਿਚ ਸਾਨਿਆ ਪੁੱਤਰੀ ਜਗਮੋਹਣ ਸਿੰਘ ਵਾਸੀ ਮੋਰਿਆ ਮੁਹੱਲਾ, ਪ੍ਰੀਆ, ਸਨੇਹਾ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਨਿਊ ਕ੍ਰਿਸ਼ਨਾ ਨਗਰ, ਕਾਮਿਆ ਪੁੱਤਰ ਬ੍ਰਿਜ ਮੋਹਣ ਵਾਸੀ ਰਣਜੀਤ ਨਗਰ, ਅਵਨੀਤ ਕੌਰ ਪੁੱਤਰੀ ਨਰੇਸ਼ ਕੁਮਾਰ ਵਾਸੀ ਸੈਂਟਰਲ ਟਾਊਨ ਤੇ ਅਮਨੀਤ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਪਿੱਪਲਾਂਵਾਲਾ ਸ਼ਾਮਲ ਹਨ। ਕੁੱਝ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਘਰ ਭੇਜ ਦਿੱਤਾ ਗਿਆ ਹੈ।


Related News