Big Breaking: ਪੰਜਾਬ ''ਚ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ

Thursday, Jan 22, 2026 - 12:38 PM (IST)

Big Breaking: ਪੰਜਾਬ ''ਚ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ

ਮਹਿਲ ਕਲਾਂ (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮਹਿਲ ਖੁਰਦ ਵਿਖੇ ਅੱਜ ਸਵੇਰੇ ਕਰੀਬ 8:15 ਵਜੇ ਇਕ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬੱਸ ਵਿਚ ਸਵਾਰ 14 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਮੌਕੇ ’ਤੇ ਅਫ਼ਰਾ-ਤਫ਼ਰੀ ਮਚ ਗਈ ਅਤੇ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਤੁਰੰਤ ਸਾਂਝੀ ਕੋਸ਼ਿਸ਼ ਕਰਦਿਆਂ ਬੱਸ ਵਿਚ ਫਸੇ ਬੱਚਿਆਂ ਨੂੰ ਬਾਹਰ ਕੱਢ ਕੇ ਕਮਿਊਨਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ ਦਾਖਲ ਕਰਵਾਇਆ। ਡਾਕਟਰਾਂ ਵੱਲੋਂ ਜ਼ਖ਼ਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਗਈ, ਜਦਕਿ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀ ਬੱਚਿਆਂ ਦਾ ਇਲਾਜ ਸੀ.ਐੱਚ.ਸੀ. ਮਹਿਲ ਕਲਾਂ ਵਿਚ ਜਾਰੀ ਹੈ।

ਸੀ.ਐੱਚ.ਸੀ. ਮਹਿਲ ਕਲਾਂ ਦੀ ਐੱਸ.ਐੱਮ.ਓ. ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਬੱਚਿਆਂ ਵਿਚ ਇਕ ਪ੍ਰਾਈਵੇਟ ਨਰਸਿੰਗ ਕਾਲਜ ਦੇ ਵਿਦਿਆਰਥੀ ਅਤੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਵਿਦਿਆਰਥੀ ਸ਼ਾਮਲ ਹਨ। ਜ਼ਖ਼ਮੀਆਂ ਵਿਚ ਪ੍ਰਾਈਵੇਟ ਨਰਸਿੰਗ ਕਾਲਜ ਦੇ ਵਿਦਿਆਰਥੀ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਕੌਰ (ਮਹਿਲ ਖੁਰਦ), ਅਨੁ ਰਾਣੀ (ਛਾਪਾ) ਅਤੇ ਨੇਹਾ ਕੌਰ (ਕੁਰੜ) ਸ਼ਾਮਲ ਹਨ, ਜਦਕਿ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੇ ਵਿਦਿਆਰਥੀਆਂ ਵਿੱਚ ਸੁਖਵੀਰ ਸਿੰਘ, ਮਹਿਕਪ੍ਰੀਤ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਗਗਨਦੀਪ ਕੌਰ, ਖੁਸ਼ਦੀਪ ਕੌਰ, ਸੁਹਾਣਾ ਅਤੇ ਗਗਨਦੀਪ ਕੌਰ (ਸਾਰੇ ਪੰਡੋਰੀ) ਸ਼ਾਮਲ ਹਨ।

ਵਿਧਾਇਕ ਪੰਡੋਰੀ ਤੇ ਕਾਂਗਰਸੀ ਆਗੂ ਮੌੜ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ

ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸੀ.ਐੱਚ.ਸੀ. ਮਹਿਲ ਕਲਾਂ ਪਹੁੰਚੇ ਅਤੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਇਲਾਜ ਲਈ ਹਸਪਤਾਲ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਪੰਡੋਰੀ ਨੇ ਕਿਹਾ ਕਿ ਅੱਜ ਇਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਕਿਨਾਰੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਾ ਕੀਤਾ ਜਾਵੇ ਅਤੇ ਸਿਰਫ਼ ਆਪਣੀ ਮਾਲਕੀ ਵਾਲੀ ਜ਼ਮੀਨ ਦੀ ਹੀ ਵਰਤੋਂ ਕੀਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵੀ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਬੀ.ਸੀ. ਸੈੱਲ ਦੇ ਵਾਈਸ ਚੇਅਰਮੈਨ ਬਲਵੰਤ ਸਿੰਘ ਮਹਿਲ ਕਲਾਂ, ਤਜਿੰਦਰਦੇਵ ਸਿੰਘ ਮਿੰਟੂ, ਪੀ.ਏ. ਬਿੰਦਰ ਸਿੰਘ ਖਾਲਸਾ ਅਤੇ ਲਛਮਣ ਸਿੰਘ ਵਜੀਦਕੇ ਵੀ ਹਾਜ਼ਰ ਸਨ। 


author

Anmol Tagra

Content Editor

Related News