ਲੁਧਿਆਣਾ ''ਚ ਗੈਸ ਦੀ ਪਲਟੀ ਦੌਰਾਨ ਮੱਚ ਗਏ ਭਾਂਬੜ! 3 ਮਾਸੂਮ ਬੱਚੇ ਬੁਰੀ ਤਰ੍ਹਾਂ ਝੁਲਸੇ
Sunday, Jan 25, 2026 - 06:18 PM (IST)
ਲੁਧਿਆਣਾ (ਖ਼ੁਰਾਨਾ): ਉਦਯੋਗਿਕ ਨਗਰੀ ਦੇ ਚੰਡੀਗੜ੍ਹ ਰੋਡ ਸਥਿਤ ਫੋਰਟਿਸ ਹਸਪਤਾਲ ਦੀ ਬੈਕ ਸਾਈਡ 'ਤੇ ਪੈਂਦੀ ਪਰਮਜੀਤ ਕਲੋਨੀ ਵਿਚ ਮਾਫੀਆ ਦੇ ਅੱਡੇ 'ਤੇ ਗੈਸ ਪਲਟੀ ਕਰਨ ਦੌਰਾਨ ਹੋਏ ਭਿਆਨਕ ਹਾਦਸੇ ਵਿਚ ਭੜਕੀ ਅੱਗ ਨਾਲ ਤਿੰਨ ਮਾਸੂਮ ਬੱਚੇ ਬੁਰੀ ਤਰ੍ਹਾਂ ਝੁਲਸ ਗਏ ਹਨ। ਇਸ ਖ਼ੌਫ਼ਨਾਕ ਹਾਦਸੇ ਤੋਂ ਬਾਅਦ ਇਲਾਕੇ ਵਿਚ ਚਾਰੇ ਪਾਸੇ ਚੀਕ-ਪੁਕਾਰ ਅਤੇ ਦਹਿਸ਼ਤ ਮਚ ਗਈ ਅਤੇ ਲੋਕ ਆਪਣੇ ਮਾਸੂਮ ਬੱਚਿਆਂ ਨੂੰ ਚੁੱਕ ਕੇ ਇੱਧਰ-ਉੱਧਰ ਭੱਜਦੇ ਦਿਖਾਈ ਦਿੱਤੇ।
ਪੀੜਤ ਵਿਅਕਤੀ ਕਾਮੇਸ਼ਵਰ ਨੇ ਦੱਸਿਆ ਕਿ ਉਹ ਪਰਮਜੀਤ ਕਲੋਨੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਅਤੇ ਨੇੜੇ ਹੀ ਕਿਰਾਏ ਦੇ ਵੇਹੜੇ ਵਿਚ ਰਹਿਣ ਵਾਲੇ ਮਾਫੀਆ ਵੱਲੋਂ ਦੇਸੀ ਸਿਲੰਡਰਾਂ ਵਿਚ ਗੈਸ ਭਰਨ ਦਾ ਨਜਾਇਜ਼ ਕਾਰੋਬਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਲੀਕ ਹੋਈ ਗੈਸ ਨੇ ਘਟਨਾ ਸਥਾਨ ਦੇ ਨੇੜੇ ਅੱਗ ਸੇਕ ਰਹੇ 3 ਮਾਸੂਮ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਅੱਗ ਦੀਆਂ ਲਪਟਾਂ ਵਿਚ ਘਿਰੇ ਬੱਚਿਆਂ ਦੀ ਉਮਰ 6, 8 ਅਤੇ 10 ਸਾਲ ਹੈ, ਜਿਨ੍ਹਾਂ ਵਿਚ ਇਕ ਲੜਕੀ ਵੀ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ 'ਪੰਜਾਬ ਕੇਸਰੀ' ਵੱਲੋਂ ਸਮੇਂ-ਸਮੇਂ 'ਤੇ ਪਰਮਜੀਤ ਕਾਲੋਨੀ, ਜੀਵਨ ਨਗਰ, ਛੋਟੀ ਮੁੰਡੀਆਂ, ਨੀਚੀ ਮੰਗਲੀ, ਗੁਰੂ ਤੇਗ ਬਹਾਦਰ ਨਗਰ, 33 ਫੁੱਟਾ ਰੋਡ, ਤ੍ਰਿਸ਼ਲਾ ਨਗਰ ਅਤੇ ਫੋਕਲ ਪੁਆਇੰਟ ਵਰਗੇ ਇਲਾਕਿਆਂ ਵਿਚ ਚੱਲ ਰਹੇ "ਮੌਤ ਦੇ ਕਾਲੇ ਕਾਰੋਬਾਰ" ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ਰਿਪੋਰਟਾਂ ਵਿਚ ਗੈਸ ਮਾਫੀਆ ਦੇ ਟਿਕਾਣਿਆਂ ਅਤੇ ਨਾਵਾਂ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ, ਪਰ ਗੈਸ ਮਾਫੀਆ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ, ਪੁਲਸ ਅਤੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ ਅਤੇ ਅੱਖਾਂ ਬੰਦ ਕਰਕੇ ਸਾਰਾ ਤਮਾਸ਼ਾ ਦੇਖ ਰਹੇ ਹਨ, ਜਿਸ ਨਾਲ ਇਲਾਕਾ ਨਿਵਾਸੀਆਂ ਦੀ ਜਾਨ-ਮਾਲ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ।
