10ਵੀਂ 'ਚੋਂ ਫੇਲ ਹੋਏ ਬੱਚੇ ਨੇ ਕੀਤਾ ਅਜਿਹਾ ਕਾਰਾ, ਜਿਸ ਨੂੰ ਦੇਖ ਮਾਂ-ਬਾਪ ਦੇ ਵੀ ਉੱਡੇ ਹੋਸ਼
Monday, Jun 12, 2017 - 07:04 PM (IST)
ਰਾਜਪੁਰਾ(ਮਸਤਾਨਾ)— 10ਵੀਂ 'ਚੋਂ ਫੇਲ ਹੋਏ ਇਕ ਬੱਚੇ ਨੇ ਮਾਂ-ਬਾਪ ਦੇ ਡਰ ਕਾਰਨ ਅਜਿਹਾ ਕਦਮ ਚੁੱਕ ਲਿਆ, ਜਿਸ ਬਾਰੇ ਜਾਣ ਮਾਂ-ਬਾਪ ਵੀ ਹੈਰਾਨ ਰਹਿ ਗਏ। ਵਿਦਿਆਰਥੀ ਮਾਂ-ਬਾਪ ਦੇ ਡਰ ਕਾਰਨ ਸਾਧਾਂ ਦੀ ਮੰਡਲੀ 'ਚ ਸ਼ਾਮਲ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਰਾਜਪੁਰਾ ਰੇਲਵੇ ਪੁਲਸ ਨੇ ਐਤਵਾਰ ਨੂੰ ਸਾਧਾਂ ਦੀ ਮੰਡਲੀ 'ਚ ਬੈਠੇ ਇਕ 14 ਸਾਲ ਦੇ ਬੱਚੇ ਨੂੰ ਪੁੱਛਗਿੱਛ ਦੌਰਾਨ ਉਸ ਦੇ ਵਾਰਸਾਂ ਹਵਾਲੇ ਕੀਤਾ। ਰਾਜਪੁਰਾ ਰੇਲਵੇ ਪੁਲਸ ਚੌਂਕੀ ਦੇ ਮੁਖੀ ਥਾਣੇਦਾਰ ਰਵਿੰਦਰ ਕ੍ਰਿਸ਼ਨ ਨੇ ਦੱਸਿਆ ਕਿ ਐਤਵਾਰ ਨੂੰ ਪਲੇਟਫਾਰਮ ਨੰ. ਇਕ 'ਤੇ ਬੈਠੀ ਇਕ ਸਾਧਾਂ ਦੀ ਟੋਲੀ 'ਚ ਸ਼ੱਕੀ ਹਾਲਤ 'ਚ ਬੈਠੇ ਇਕ 14 ਸਾਲ ਦੇ ਬੱਚੇ ਬਾਰੇ ਸਾਧਾਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡਾ ਚੇਲਾ ਹੈ ਪਰ ਉਕਤ ਪੁਲਸ ਅਧਿਕਾਰੀ ਨੇ ਕਿਸੇ ਤਰ੍ਹਾਂ ਬੱਚੇ ਨੂੰ ਚੌਂਕੀ 'ਚ ਬੁਲਾ ਕੇ ਉਸ ਕੋਲੋਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਭਾਰਤ ਸੂਦ ਵਾਸੀ ਫਗਵਾੜਾ ਦੱਸਿਆ। ਬੱਚੇ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਸ ਸਾਲ 10ਵੀਂ ਦੇ ਨਤੀਜੇ 'ਚ ਫੇਲ ਹੋ ਗਿਆ ਸੀ, ਉਸ ਨੂੰ ਇਹ ਡਰ ਸੀ ਕਿ ਉਸ ਦੇ ਮਾਪੇ ਉਸ ਨਾਲ ਕੁੱਟਮਾਰ ਕਰਨਗੇ। ਇਸ ਡਰ ਕਾਰਨ ਉਹ ਲਗਭਗ 11 ਦਿਨ ਪਹਿਲਾਂ ਘਰ ਤੋਂ ਫਰਾਰ ਹੋ ਗਿਆ ਅਤੇ ਪੇਟ ਦੀ ਭੁੱਖ ਮਿਟਾਉਣ ਲਈ ਉਹ ਸਾਧਾਂ ਦੀ ਟੋਲੀ 'ਚ ਸ਼ਾਮਲ ਹੋ ਗਿਆ। ਪੁਲਸ ਨੇ ਉਸ ਕੋਲੋਂ ਉਸ ਦੇ ਵਾਰਸਾਂ ਦਾ ਨਾਂ ਪਤਾ ਲੈ ਕੇ ਉਨ੍ਹਾਂ ਨੂੰ ਰਾਜਪੁਰਾ ਬੁਲਾ ਲਿਆ ਅਤੇ ਬੱਚੇ ਨੂੰ ਉਸ ਦੇ ਮਾਤਾ ਪਿਤਾ ਹਵਾਲੇ ਕਰ ਦਿੱਤਾ।
