ਬਠਿੰਡਾ ਪੁਲਸ ਨੇ ਲੱਭ ਲਏ ਚੋਰੀ ਹੋਏ 20 ਮੋਟਰਸਾਈਕਲ, 3 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Thursday, Apr 09, 2026 - 05:57 PM (IST)
ਬਠਿੰਡਾ (ਵਿਜੇ ਵਰਮਾ): ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਵਧ ਰਹੀਆਂ ਵਾਹਨ ਚੋਰੀ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣ ਲਈ ਬਠਿੰਡਾ ਪੁਲਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਇਕ ਸਰਗਰਮ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫ਼ਾਸ਼ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਕੁੱਲ 20 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਸੀਨੀਅਰ ਪੁਲਸ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ ਸਟਾਫ-2 ਦੀ ਟੀਮ ਵੱਲੋਂ ਕੀਤੀ ਗਈ। ਥਾਣਾ ਮੁਖੀ ਕਰਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ 7 ਅਪ੍ਰੈਲ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜਸਪ੍ਰੀਤ ਸਿੰਘ ਉਰਫ ਛੋਟਾ, ਹਰਦਰਸ਼ਨ ਸਿੰਘ ਉਰਫ ਮੋਟਾ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਨਾਂ ਦੇ ਵਿਅਕਤੀ ਬਠਿੰਡਾ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਕੋਲ ਵੱਡੀ ਗਿਣਤੀ ਵਿਚ ਚੋਰੀਸ਼ੁਦਾ ਵਾਹਨ ਹੋ ਸਕਦੇ ਹਨ।
ਇਸ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰੂ ਤੇਗ ਬਹਾਦੁਰ ਟੈਕਸੀ ਸਟੈਂਡ, ਸੰਤਪੁਰਾ ਰੋਡ ਦੇ ਨੇੜੇ ਨਾਕਾਬੰਦੀ ਕਰਕੇ ਤਿੰਨਾਂ ਦੋਸ਼ੀਆਂ ਨੂੰ ਇਕ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਛੋਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਤਿਡੋਨਾ, ਹਰਦਰਸ਼ਨ ਸਿੰਘ ਉਰਫ ਮੋਟਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤਿਡੋਨਾ ਅਤੇ ਸੁਖਵਿੰਦਰ ਸਿੰਘ ਉਰਫ ਮੋਟਾ ਪੁੱਤਰ ਬਲਕੇਸ਼ ਸਿੰਘ ਵਾਸੀ ਪਿੰਡ ਘੁੰਦਾ ਹਾਲ ਆਬਾਦ ਬਾਦਸ਼ਾਹੀ ਠਾਠੜੀ ਵਜੋਂ ਹੋਈ ਹੈ।
ਪੁਲਸ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਤਿੰਨੇ ਮਿਲ ਕੇ ਇਕ ਗਿਰੋਹ ਵਜੋਂ ਕੰਮ ਕਰਦੇ ਸਨ ਅਤੇ ਸ਼ਹਿਰ ਦੇ ਵੱਖ-ਵੱਖ ਭੀੜਭਾੜ ਵਾਲੇ ਇਲਾਕਿਆਂ ਜਿਵੇਂ ਸ਼ਾਪਿੰਗ ਮਾਲ, ਬੈਂਕਾਂ ਅਤੇ ਹੋਰ ਪਾਰਕਿੰਗ ਥਾਵਾਂ ‘ਤੇ ਖੜ੍ਹੇ ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਅੱਗੇ ਕਾਰਵਾਈ ਕਰਦਿਆਂ ਨੇੜਲੇ ਇਲਾਕਿਆਂ ਸਮੇਤ ਨਹਿਰ ਪੁਲ ਝੀੜ ਬਹਿਮਟ ਅਤੇ 400 ਕਿਲੋ ਗ੍ਰੇਨ ਸੈਂਟਰ ਖੇਤਰ ਤੋਂ ਹੋਰ 19 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਇਸ ਤਰ੍ਹਾਂ ਕੁੱਲ ਬਰਾਮਦਗੀ 20 ਮੋਟਰਸਾਈਕਲਾਂ ਦੀ ਹੋ ਗਈ, ਜੋ ਵੱਖ-ਵੱਖ ਕੰਪਨੀਆਂ ਦੇ ਸਨ ਅਤੇ ਬਿਨਾਂ ਨੰਬਰ ਪਲੇਟ ਦੇ ਮਿਲੇ ਹਨ।
ਪੁਲਸ ਮੁਤਾਬਕ ਇਹ ਗਿਰੋਹ ਕਾਫ਼ੀ ਸਮੇਂ ਤੋਂ ਸਰਗਰਮ ਸੀ ਅਤੇ ਇਹ ਲੋਕ ਸੋਚ-ਸਮਝ ਕੇ ਉਨ੍ਹਾਂ ਥਾਵਾਂ ਨੂੰ ਚੁਣਦੇ ਸਨ ਜਿੱਥੇ ਸੁਰੱਖਿਆ ਪ੍ਰਬੰਧ ਘੱਟ ਹੁੰਦੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
