ਪਾਵਰਕਾਮ ਵਿਚ ਹੋ ਗਿਆ ਵੱਡਾ ਘਪਲਾ, ਜੇ. ਈ. ਦਾ ਕਾਰਾ ਜਾਣ ਉਡ ਜਾਣਗੇ ਹੋਸ਼
Friday, Apr 10, 2026 - 12:42 PM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੀ ਲਲਤੋਂ ਡਵੀਜ਼ਨ ਵਿਚ ਹੋਏ ਬਹੁ ਕਰੋੜੀ ਘਪਲਾ ਮਾਮਲੇ ਵਿਚ ਪਾਵਰਕਾਮ ਦੇ ਸੈਂਟ੍ਰਲ ਜ਼ੋਨ ਤੋਂ ਲੈ ਕੇ ਪਟਿਆਲਾ ਹੈੱਡ ਆਫਿਸ ਤੱਕ ਹਫੜਾ-ਦਫੜੀ ਮਚਾ ਕੇ ਰੱਖ ਦਿੱਤੀ ਹੈ। ਜੇ. ਈ. ਪੱਧਰ ਦੇ ਮੁਲਾਜ਼ਮ ਵੱਲੋਂ ਬੜੇ ਸ਼ਾਤਰ ਤਰੀਕੇ ਨਾਲ ਕੀਤੇ ਕਰੋੜਾਂ ਦੇ ਘਪਲੇ ਨੇ ਵਿਭਾਗੀ ਗਲਿਆਰਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਰੱਖੀਆਂ ਹਨ। ਉਕਤ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਚਾਹੇ ਜੇ.ਈ. ਤਨੁਜ ਭਾਰਦਵਾਜ ਦੇ ਖ਼ਿਲਾਫ ਕੇਸ ਦਰਜ ਕਰ ਦਿੱਤਾ ਹੈ ਪਰ ਘਪਲਾ ਮਾਮਲੇ ਦੇ ਪਿੱਛੇ ਦੀਆਂ ਅਸਲ ਕੜੀਆਂ ਤੇ ਰਹੱਸ ਅਜੇ ਵੀ ਪਰਦੇ ਦੇ ਪਿੱਛੇ ਹਨ ਜਿਨ੍ਹਾਂ ਨੂੰ ਖੁਦੇੜਨ ਲਈ ਪੁਲਸ ਨੂੰ ਡੰਡੇ ਦਾ ਸਹਾਰਾ ਲੈਣਾ ਪੈ ਸਕਦਾ ਹੈ। ਸਾਰਾ ਮਾਮਲਾ ਉਪ ਮੰਡਲ ਸ਼ਰੀਂਹ (ਆਲਮਗੀਰ ਸਾਹਿਬ) ਨਾਲ ਸਬੰਧਤ ਹੈ ਜਿਥੇ ਇਕ ਵੱਡੇ ਵਿੱਤੀ ਘਪਲੇ ਦਾ ਪਰਦਾ ਫਾਸ਼ ਹੋਇਆ ਹੈ ਜਿਥੇ ਸਰਕਾਰੀ ਜਾਇਦਾਦ ਦੀ ਰਖਵਾਲੀ ਕਰਨ ਵਾਲੇ ਨੇ ਹੀ ਕਰੋੜਾਂ ਦੇ ਸਾਮਾਨ ’ਤੇ ਹੱਥ ਸਾਫ ਕਰ ਦਿੱਤਾ। ਜੂਨੀਅਰ ਇੰਜੀਨੀਅਰ ’ਤੇ ਸਟੋਰ ਦੇ ਸਾਮਾਨ ਵਿਚ 2 ਕਰੋੜ ਰੁਪਏ ਤੋਂ ਵੱਧ ਦੀ ਹੇਰਾਫੇਰੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕਮਲਜੀਤ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਤਨੁਜ ਭਾਰਦਵਾਜ਼ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ''ਚ ਸੌਖਾ ਨਹੀਂ ਹੁਣ ਘਰ ਬਨਾਉਣਾ, ਇੱਟਾਂ ਦੇ ਭਾਅ ਨੇ ਲੋਕਾਂ ਨੂੰ ਦਿੱਤਾ ਝਟਕਾ
ਸਾਲਾਂ ਤੱਕ ਚਲਦੀ ਰਹੀ ਹੇਰ-ਫੇਰ ਦੀ ਖੇਡ, ਆਡਿਟ ਵਿਚ ਖੁੱਲ੍ਹੀ ਪੋਲ
ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਮੁਲਾਜ਼ਮ ਸ਼ਰੀਂਹ ਦਫਤਰ ਵਿਚ ਬਤੌਰ ਜੇ.ਈ. ਤਾਇਨਾਤ ਸੀ। ਵਿਭਾਗ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਦੇ ਆਧਾਰ ’ਤੇ ਸਾਹਮਣੇ ਆਇਆ ਕਿ ਸਾਲ 2021-22 ਤੋਂ ਲੈ ਕੇ 2024-25 ਦੌਰਾਨ ਸਟੋਰ ਤੋਂ ਭਾਰੀ ਮਾਤਰਾ ਵਿਚ ਸਾਮਾਨ ਕਢਵਾਇਆ ਗਿਆ ਸੀ। ਜਦੋਂ ਇਨ੍ਹਾਂ ਕਢਵਾਏ ਗਏ ਸਾਮਾਨ ਦੇ ਰਿਕਾਰਡ ਦਾ ਮਿਲਾਨ ਕੀਤਾ ਤਾਂ ਵਿਭਾਗ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁਲ 2,07,57,200 ਰੁਪਏ (ਦੋ ਕਰੋੜ ਸੱਤ ਲੱਖ ਸਤਵੰਜਾ ਹਜ਼ਾਰ ਦੋ ਸੌ ਰੁਪਏ) ਦੇ ਸਾਮਾਨ ਦੀ ਕਮੀ ਪਾਈ ਗਈ ਜਿਸ ਦਾ ਕੋਈ ਹਿਸਾਬ ਕਿਤਾਬ ਮੁਲਜ਼ਮ ਕੋਲ ਨਹੀਂ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤੀ ਸੌਗਾਤ
ਕਰੋੜਾਂ ਦੀ ਸ਼ਾਰਟੇਜ ਨੇ ਉਡਾਏ ਵਿਭਾਗ ਦੇ ਹੋਸ਼
ਸਹਾਇਕ ਕਾਰਜਕਾਰੀ ਇੰਜੀਨੀਅਰ ਕਮਲਜੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਪੱਸ਼ਟ ਕੀਤਾ ਹੈ ਕਿ ਉਕਤ ਜੇ.ਈ. ਨੇ ਪਿਛਲੇ ਚਾਰ ਸਾਲਾਂ ਦੌਰਾਨ ਸਟੋਰ ਤੋਂ ਜੋ ਸਾਮਾਨ ਜਾਰੀ ਕਰਵਾਇਆ, ਉਸ ਦੀ ਪੈਂਡਿੰਗ ਰਿਕਵਰੀ ਜਾਂ ਕਲੀਅਰੈਂਸ ਹੁਣ ਤੱਕ ਨਹੀਂ ਦਿੱਤੀ ਗਈ। ਇਹ ਮਹਿਜ਼ ਕੋਈ ਛੋਟੀ ਮੋਟੀ ਲਾਪ੍ਰਵਾਹੀ ਨਹੀਂ, ਸਗੋਂ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਚੂਨਾ ਲਗਾਉਣ ਦਾ ਯੋਜਨਾਬੱਧ ਮਾਮਲਾ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਵਾਰ ਵਾਰ ਮੌਕਾ ਦਿੱਤੇ ਜਾਣ ਦੇ ਬਾਵਜੂਦ ਜਦੋਂ ਇਹ ਭਾਰੀ ਰਕਮ ਕਲੀਅਰ ਨਹੀਂ ਕੀਤੀ ਗਈ ਤਾਂ ਉੱਚ ਅਧਿਕਾਰੀਆਂ ਦੇ ਨਿਰਦੇਸ਼ ’ਤੇ ਕਾਨੂੰਨੀ ਕਾਰਵਾਈ ਦਾ ਰਸਤਾ ਅਪਣਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਤੁਰੰਤ ਛੁੱਟੀ ਦਾ ਐਲਾਨ, ਜਾਣੋ ਕੀ ਰਹੀ ਵਜ੍ਹਾ
ਪੁਲਸ ਨੇ ਦਰਜ ਕੀਤਾ ਕੇਸ, ਹੁਣ ਹੋਵੇਗੀ ਰਿਕਵਰੀ ਦੀ ਤਿਆਰੀ
ਸਹਾਇਕ ਕਾਰਜਕਾਰੀ ਇੰਜੀਨੀਅਰ ਦੇ ਬਿਆਨਾਂ ਤੇ ਵਿਭਾਗੀ ਜਾਂਚ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਜੇ.ਈ. ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ 6 ਅਪ੍ਰੈਲ ਨੂੰ ਮਿਲੀ ਇਸ ਸ਼ਿਕਾਇਤ ‘ਤੇ ਗੰਭੀਰਤਾ ਨਾਲ ਕਾਰਵਾਈ ਕਰਦਿਆਂ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦਾ ਮੁੱਖ ਕੇਂਦਰ ਇਹ ਹੈ ਕਿ ਕੀ ਇਸ ਘਪਲੇ ਵਿਚ ਵਿਭਾਗ ਦੇ ਕੁਝ ਹੋਰ ਵੱਡੇ ਖਿਡਾਰੀ ਵੀ ਸ਼ਾਮਲ ਹਨ। ਹਾਲ ਦੀ ਘੜੀ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਅਤੇ ਇਸ ਕਰੋੜਾਂ ਦੀ ਸ਼ਾਰਟੇਜ ਦੀ ਤਹਿ ਤੱਕ ਜਾਣ ਲਈ ਛਾਪੇਮਾਰੀ ਅਤੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਖੁਲਾਸੇ ਤੋਂ ਬਾਅਦ ਪਾਵਰਕਾਮ ਮਹਿਕਮੇ ਵਿਚ ਹਫੜਾ ਦਫੜੀ ਮਚ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇਤਿਹਾਸਕ ਫੈ਼ਸਲਾ, ਮਿਲੇਗਾ 'ਬੰਪਰ' DA
ਕੀ ਕਹਿੰਦੇ ਹਨ ਚੀਫ ਇੰਜੀਨੀਅਰ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸੈਂਟ੍ਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਘਪਲਾ ਮਾਮਲੇ ਤੋਂ ਪਰਦਾ ਹਟਾਉਂਦੇ ਦੱਸਿਆ ਕਿ ਜੇ.ਈ. ਤਰੁਜ ਭਾਰਦਵਾਜ ਵੱਲੋਂ ਸ਼ਰੀਂਹ ਉਪ ਮੰਡਲ ਵਿਚ ਤਾਇਨਾਂਤੀ ਦੌਰਾਨ 2.7 ਕਰੋੜ ਰੁਪਏ ਦੇ ਸਾਮਾਨ ਨੂੰ ਖੁਰਦ ਬੁਰਦ ਕਰਕੇ ਵੱਡੇ ਘਪਲੇ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਕਿ ਮੌਜੂਦਾ ਸਮੇਂ ਦੌਰਾਨ ਸਿਟੀ ਵੈਸਟ ਡਵੀਜ਼ਨ ਵਿਚ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇ.ਈ. ਨੂੰ ਨੋਟਿਸ ਜਾਰੀ ਕਰਕੇ ਸਾਮਾਨ ਸਬੰਧੀ ਜਾਣਕਾਰੀ ਮੰਗੀ ਸੀ ਜਿਸ ਦੇ ਕੋਈ ਜਵਾਬ ਨਾ ਦੇਣ ’ਤੇ ਉਸ ਨੂੰ ਸ਼ੋਕਾਜ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਘਪਲੇ ਦੀ ਭਿਣਕ ਲਗਦੇ ਹੀ ਮੁਲਜ਼ਮ ਖਿਲਾਫ ਪੁਲਸ ਨੂੰ ਸ਼ਿਕਾਇਤ ਕਰਕੇ ਕੇਸ ਦਰਜ ਕਰਵਾਇਆ ਗਿਆ ਹੈ। ਚੀਫ ਇੰਜੀਨੀਅਰ ਨੇ ਕਿਹਾ ਕਿ ਵਿਭਾਗ ਨੂੰ ਹੋਏ ਆਰਥਿਕ ਨੁਕਸਾਨ ਦੀ ਭਰਪਾਈ ਲਈ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਅਤੇ ਉਸ ਨੂੰ ਸਜ਼ਾ ਦਿਵਾਉਣ ਸਮੇਤ ਮੁਲਜ਼ਮ ਦੇ ਬਣਦੇ ਸਰਕਾਰੀ ਵੈਜਿਜ਼, ਫੰਡ ਆਦਿ ਤੋਂ ਪਾਵਰਕਾਮ ਨੂੰ ਹੋਏ ਨੁਕਸਾਨ ਦੀ ਰਿਕਵਰੀ ਕਰਨ ਦੀ ਰਣਨੀਤੀ ਅਪਣਾਈ ਜਾਵੇਗੀ।
ਇਹ ਵੀ ਪੜ੍ਹੋ : ਰਜਿਸਟਰੀਆਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਹੁਣ ਪਹਿਲਾਂ ਲਾਜ਼ਮੀ ਕਰਵਾਉਣਾ ਪਵੇਗਾ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
