ਕੋਠੀ ''ਚੋਂ 10 ਤੋਲੇ ਸੋਨੇ ਦੇ ਗਹਿਣੇ, ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ

Monday, Mar 05, 2018 - 02:11 AM (IST)

ਕੋਠੀ ''ਚੋਂ 10 ਤੋਲੇ ਸੋਨੇ ਦੇ ਗਹਿਣੇ, ਨਕਦੀ ਤੇ ਜ਼ਰੂਰੀ ਕਾਗਜ਼ਾਤ ਚੋਰੀ

ਮੁਕੰਦਪੁਰ, (ਸੰਜੀਵ)- ਸਾਧਪੁਰ ਪਿੰਡ ਵਿਚ ਚੋਰਾਂ ਵੱਲੋਂ ਪ੍ਰਵਾਸੀ ਭਾਰਤੀ ਦੀ ਕੋਠੀ 'ਚੋਂ ਵੱਡੇ ਪੱਧਰ 'ਤੇ ਸਾਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਰਚਨਾ ਰੱਤਾ ਪਤਨੀ ਜਗਦੀਸ਼ ਰਾਮ ਯੂ. ਐੱਸ. ਏ. ਤੇ ਗੁਰਜੀਤ ਕੌਰ ਪਤਨੀ ਰਮਨਜੀਤ ਸਿੰਘ ਨੇ ਦੱਸਿਆ ਕਿ ਅਸੀਂ ਪਿਛਲੇ ਇਕ ਹਫਤੇ ਤੋਂ ਵਿਆਹ ਸਮਾਗਮ ਵਿਚ ਰੁੱਝੇ ਹੋਏ ਸਾਂ ਅਤੇ 2.3.18 ਦੀ ਸ਼ਾਮ ਨੂੰ ਕਰੀਬ 5 ਵਜੇ ਅਸੀਂ ਕਿਤੇ ਜ਼ਰੂਰੀ ਕੰਮ ਲਈ ਘਰੋਂ ਚਲੇ ਗਏ। ਜਦੋਂ 3.3.18 ਨੂੰ ਰਾਤ 9 ਵਜੇ ਆਪਣੀ ਕੋਠੀ ਵਿਚ ਆਏ ਤਾਂ ਬਾਹਰਲਾ ਗੇਟ ਬੰਦ ਸੀ। ਅੰਦਰ ਗਏ ਤਾਂ ਘਰ ਦਾ ਦ੍ਰਿਸ਼ ਵੇਖ ਕੇ ਅਸੀਂ ਘਬਰਾ ਗਏ। ਘਰ ਦਾ ਮੇਨ ਦਰਵਾਜ਼ਾ ਅਤੇ ਅੰਦਰਲੇ ਦੋ ਦਰਵਾਜ਼ੇ ਟੁੱਟੇ ਹੋਏ ਸਨ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਅਲਮਾਰੀਆਂ ਤੇ ਪੇਟੀਆਂ 'ਚ ਪਿਆ ਉਸਦਾ ਮੰਗਲ ਸੂਤਰ ਸਾਢੇ ਤਿੰਨ ਤੋਲੇ, ਮੁੰਦਰੀਆਂ ਦੋ-ਦੋ ਤੋਲੇ ਸੋਨੇ ਦੀਆਂ, ਟੌਪਸ ਦੋ ਜੋੜੀ 12 ਗ੍ਰਾਮ ਸੋਨੇ ਦੇ, ਝਾਂਜਰਾਂ ਦੇ ਦੋ ਜੋੜੇ, ਦੋ ਘੜੀਆਂ, ਬਰੈਸਲੇਟ, ਪਾਸਪੋਰਟ, ਪੈਨ ਕਾਰਡ, ਆਧਾਰ ਕਾਰਡ, ਦਸਵੀਂ ਤੇ ਬਾਹਰਵੀਂ ਦੇ ਸਰਟੀਫਕੇਟ, ਵੋਟਰ ਕਾਰਡ ਤੇ ਮੇਰੀ ਬੇਟੀ ਦਾ ਬਰਥ ਸਰਟੀਫਿਕੇਟ ਆਦਿ ਚੋਰੀ ਹੋ ਗਿਆ। ਇੰਨਾ ਹੀ ਨਹੀਂ, ਗੁਰਜੀਤ ਕੌਰ ਦੇ 60 ਹਜ਼ਾਰ ਨਕਦ, ਇਕ ਤੋਲੇ ਸੋਨੇ ਦੀ ਮੁੰਦਰੀ, ਵਾਲੀਆਂ, ਪੈਸਿਆਂ ਵਾਲੇ ਹਾਰ, ਦੋ ਟੱਚ ਘੜੀਆਂ ਤੇ ਹੋਰ ਜ਼ਰੂਰੀ ਸਾਮਾਨ ਚੋਰੀ ਹੋ ਗਿਆ। ਚੋਰ ਜਾਂਦੇ ਸਮੇਂ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਵੀ ਨਾਲ ਲੈ ਗਏ। 
ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਪ੍ਰਗਟ ਸਿੰਘ, ਏ. ਐੱਸ. ਆਈ. ਤਾਰਾ ਰਾਮ ਤੇ ਏ. ਐੱਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਿੰਗਰ ਪਿੰ੍ਰਟ ਮਾਹਿਰ ਸੋਢੀ ਸਿੰਘ ਨੂੰ ਨਵਾਂਸ਼ਹਿਰ ਤੋਂ ਬੁਲਾ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਤੇ ਦੋ-ਤਿੰਨ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਚੋਰਾਂ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾਵੇਗੀ। ਘਰ ਦੇ ਮੈਂਬਰਾਂ ਦੇ ਦੱਸਣ ਮੁਤਾਬਿਕ ਕਰੀਬ ਚਾਰ ਲੱਖ ਰੁਪਏ ਦੇ ਗਹਿਣੇ ਤੇ ਸਾਰੇ ਜ਼ਰੂਰੀ ਕਾਗਜ਼ਾਤ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।


Related News