ਗੁਰੂਹਰਸਹਾਏ ਹਲਕੇ ਲਈ 10 ਕਰੋੜ ਮਿਲਣਗੇ, ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਇਆ ਜਾਵੇਗਾ: ਚੰਨੀ
Thursday, Nov 25, 2021 - 08:12 PM (IST)
ਫਿਰੋਜਪੁਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਕਰਦਿਆਂ ਪੰਜੇ ਕੇ ਉਤਾੜ ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਹੈ। ਉਹ ਅੱਜ ਇੱਥੇ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਗੁਰੂਹਰਸਹਾਏ ਹਲਕੇ ਦੇ ਵਿਕਾਸ ਲਈ 10 ਕਰੋੜ ਦੇਣ ਦਾ ਐਲਾਨ ਕੀਤਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਗੁਰੂਹਰਸਹਾਏ ਹਲਕੇ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਨਾਲ ਜ਼ੋੜਨ ਲਈ ਇੱਥੇ ਆਈ.ਟੀ.ਆਈ. ਕਾਲਜ ਖੋਲਣ ਦਾ ਐਲਾਣ ਵੀ ਕੀਤਾ ਜਦ ਕਿ ਉਨ੍ਹਾਂ ਨੇ ਸਬ ਡਵੀਜਨ ਗੁਰੂਹਰਸਹਾਏ ਦੀ 8 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦਾ ਵੀ ਨੀਂਹ ਪੱਥਰ ਰੱਖਿਆ।
ਸਰਹੱਦੀ ਇਲਾਕੇ ਦੀ ਇਕ ਹੋਰ ਮੰਗ ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਰਹੱਦੀ ਕਿਸਾਨਾਂ ਦੀਆਂ ਜਮੀਨਾਂ ਦੀਆਂ ਜ਼ੋ ਰਜੀਸਟਰੀਆਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਏਗੀ।
ਮੁੱਖ ਮੰਤਰੀ ਨੇ ਇਸ ਮੌਕੇ ਬੋਲਦਿਆਂ ਫਸਲਾਂ ਦੇ ਪਿੱਛਲੇ ਦਿਨੀਂ ਹੋਏ ਨੁਕਸਾਨ ਦੇ ਜਲਦ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਵੀ ਆਖੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਸੇਸ ਗਿਰਦਾਵਰੀ ਕਰਵਾਈ ਗਈ ਹੈ ਅਤੇ ਉਸੇ ਅਨੁਸਾਰ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇਗਾ।
ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਇੱਥੇ 6 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਲਾਇਨ ਤੇ ਬਨਣ ਵਾਲੇ ਸਕਾਈ ਵਾਕ ਬਿ੍ਰਜ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਜਿਸ ਨਾਲ ਸਹਿਰ ਵਾਸੀਆਂ ਨੂੰ ਵੱਡੀ ਸੌਖ ਹੋਵੇਗੀ।
ਸਥਾਨਕ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਗ੍ਰਹਿ ਵਿਖੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਪਿੱਛਲੇ ਦਿਨੀਂ ਲਏ ਗਏ ਲੋਕ ਪੱਖੀ ਫੈਸਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਵਿਅਕਤੀ ਨੂੰ ਧਿਆਨ ਵਿਚ ਰੱਖਦਿਆਂ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਸਤੀ ਬਿਜਲੀ, ਪੀਣ ਦੇ ਪਾਣੀ ਦੇ ਬਿਲਾਂ ਵਿਚ ਰਿਆਇਤ, ਡੀਜਲ ਪੈਟਰੋਲ ਦੇ ਰੇਟਾਂ ਵਿਚ ਕਮੀ ਵਰਗੇ ਫੈਸਲਿਆਂ ਨਾਲ ਰਾਜ ਦੇ ਹਰ ਇਕ ਬਸਿੰਦੇ ਨੂੰ ਲਾਭ ਹੋਇਆ ਹੈ।
ਆਪਣੀ ਸਰਕਾਰ ਦੀਆਂ ਅਗਾਮੀ ਤਰਜੀਹਾਂ ਦਾ ਜਿਕਰ ਕਰਦਿਆਂ ਚੰਨੀ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸੈਕਟਰ ਦੀ ਮਜਬੂਤੀ ਉਨ੍ਹਾਂ ਦਾ ਅਗਲਾ ਟੀਚਾ ਹੈ। ਉਨ੍ਹਾਂ ਨੇ ਰਾਜ ਦੇ ਸੋਮਿਆਂ ਅਤੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸੂਬੇ ਵਿਚ ਹੁਣ ਆਮ ਲੋਕਾਂ ਦਾ ਰਾਜ ਹੈ। ਇਸ ਮੌਕੇ ਮੁੱਖ ਮੰਤਰੀ ਨੇ ਸਥਾਨਕ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਆਪਣੀ ਪੁਰਾਣੀ ਸਾਂਝ ਦਾ ਵਿਸੇਸ ਤੌਰ ਤੇ ਜਿਕਰ ਕੀਤਾ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਨ੍ਹਾਂ ਨੂੰ ਇਲਾਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਰਾਜ ਸੂਚਨਾ ਕਮਿਸਨਰ ਪੰਜਾਬ ਅਨੁਮੀਤ ਸਿੰਘ ਹੀਰਾ ਸੋਢੀ, ਫਿਰੋਜਪੁਰ ਦੇ ਡਿਪਟੀ ਕਮਿਸਨਰ ਦਵਿੰਦਰ ਸਿੰਘ, ਫਾਜਿਲਕਾ ਦੇ ਡਿਪਟੀ ਕਮਿਸਨਰ ਸ੍ਰੀਮਤੀ ਬਬੀਤਾ ਕਲੇਰ ਹਾਜਰ ਸਨ।