ਬੈਂਕ ਮੈਨੇਜਰ ਦੱਸ ਕੇ ਢਾਬਾ ਮਾਲਕ ਕੋਲੋਂ 1 ਲੱਖ ਠੱਗੇ

Tuesday, Aug 01, 2017 - 01:07 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਆਪਣੇ ਆਪ ਨੂੰ ਬੈਂਕ ਦਾ ਮੈਨੇਜਰ ਦੱਸ ਕੇ ਇਕ ਖਾਤਾਧਾਰਕ ਨਾਲ 1 ਲੱਖ ਦੀ ਠੱਗੀ ਕਰਨ ਦਾ ਸਮਾਚਾਰ ਮਿਲਿਆ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਕਪਿਲ ਢਾਬੇ ਦੇ ਮਾਲਕ ਹਰੀਚਰਨ ਪੁੱਤਰ ਜਗਪਾਲ ਵਾਸੀ ਪਿੰਡ ਬ੍ਰਹਮਪੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇਕ ਵਿਅਕਤੀ ਨੇ ਫੋਨ ਕਰ ਕੇ ਕਿਹਾ ਕਿ ਉਹ ਯੂਕੋ ਬੈਂਕ ਤੋਂ ਮੈਨੇਜਰ ਰਾਹੁਲ ਬੋਲ ਰਿਹਾ ਹੈ, ਤੁਹਾਡਾ ਏ. ਟੀ. ਐੱਮ. ਕਾਰਡ ਬਲਾਕ ਹੋ ਗਿਆ ਹੈ ਤੇ ਤੁਹਾਡਾ ਖਾਤਾ ਵੀ ਨਵਾਂ ਖੁੱਲ੍ਹਣਾ ਹੈ, ਇਸ ਲਈ ਆਪਣਾ ਏ. ਟੀ. ਐੱਮ. ਤੇ ਪਿਨ ਨੰਬਰ ਲਿਖਵਾਓ। ਉਸ ਨੇ ਸਾਰੀ ਜਾਣਕਾਰੀ ਦੱਸ ਦਿੱਤੀ। ਉਸੇ ਦਿਨ ਉਸ ਦੇ ਖਾਤੇ 'ਚੋਂ 75000 ਅਤੇ ਅਗਲੇ ਦਿਨ 25 ਹਜ਼ਾਰ ਰੁਪਏ ਨਿਕਲਣ ਦਾ ਮੈਸੇਜ ਫੋਨ 'ਤੇ ਆਇਆ, ਜਿਸ ਨੂੰ ਪੜ੍ਹ ਕੇ ਉਹ ਹੈਰਾਨ ਹੋ ਗਿਆ। ਉਸ ਨੇ ਇਸ ਧੋਖਾਦੇਹੀ ਬਾਰੇ ਪਿੰਡ ਦੇ ਸਾਬਕਾ ਸਰਪੰਚ ਬ੍ਰਿਜ ਮੋਹਨ ਨੂੰ ਦੱਸਿਆ, ਜਿਨ੍ਹਾਂ ਤੁਰੰਤ ਯੂਕੋ ਬੈਂਕ ਵਾਲਿਆਂ ਨੂੰ ਜਾਣਕਾਰੀ ਦਿੱਤੀ। ਬੈਂਕ ਨੇ ਉਸ ਦਾ ਖਾਤਾ ਬੰਦ ਕਰ ਦਿੱਤਾ ਤਾਂ ਕਿ ਬਕਾਇਆ ਪੈਸੇ ਬਚ ਸਕਣ। ਉਸ ਨੇ ਇਹ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।


Related News