ਵਿਧਾਨ ਸਭਾ ਚੋਣਾਂ ''ਚ ਹਾਰ ਮਿਲੀ ਤਾਂ ਭਾਜਪਾ ਇਕੱਲੇ ਹੀ ਲੜ ਸਕਦੀ ਹੈ ਨਿਗਮ ਚੋਣਾਂ

03/03/2017 10:24:35 AM

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ ਪਰ ਪੰਜਾਬ ''ਚ ਚੋਣਾਂ ਦਾ ਮਾਹੌਲ ਇਥੇ ਖਤਮ ਨਹੀਂ ਹੋਵੇਗਾ। 4 ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ''ਚ ਨਿਗਮ ਚੋਣਾਂ ਵੀ ਹੋਣੀਆਂ ਹਨ। ਇਸ ਸਮੇਂ ਜਲੰਧਰ ਤੇ ਅੰਮ੍ਰਿਤਸਰ ''ਚ ਭਾਜਪਾ ਅਤੇ ਲੁਧਿਆਣਾ ਤੇ ਪਟਿਆਲਾ ''ਚ ਅਕਾਲੀ ਦਲ ਦਾ ਮੇਅਰ ਹੈ। ਅਕਾਲੀ ਦਲ-ਭਾਜਪਾ ਨੇ ਮਿਲ ਕੇ ਹੀ ਇਹ ਚੋਣਾਂ ਲੜੀਆਂ ਹਨ। ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਜੇ ਭਾਜਪਾ-ਅਕਾਲੀ ਗਠਜੋੜ ਵਿਧਾਨ ਸਭਾ ਚੋਣਾਂ ਹਾਰ ਜਾਂਦਾ ਹੈ ਤਾਂ ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਭਾਜਪਾ ਨਿਗਮ ਚੋਣਾਂ ਆਪਣੇ ਦਮ ''ਤੇ ਇਕੱਲੇ ਲੜੇ। ਭਾਜਪਾ ਦੀ ਧਿਰ ਕਾਫੀ ਸਮੇਂ ਤੋਂ ਹਾਈਕਮਾਨ ਤੋਂ ਇਕੱਲੇ ਚੋਣਾਂ ਲੜਨ ਦੀ ਮੰਗ ਕਰ ਰਹੀ ਹੈ। 
ਇਕ ਭਾਜਪਾ ਨੇਤਾ ਨੇ ਦੱਸਿਆ ਕਿ ਚਾਰਾਂ ਸ਼ਹਿਰਾਂ ''ਚ ਭਾਜਪਾ ਦਾ ਵੱਡਾ ਆਧਾਰ ਹੈ। ਭਾਜਪਾ ਅਜਿਹਾ ਕਰਕੇ ਆਪਣੀ ਤਾਕਤ ਨੂੰ ਤੋਲਣਾ ਚਾਹੇਗੀ, ਕਿਉਂਕਿ ਵਿਧਾਨ ਸਭਾ ਚੋਣਾਂ ਹਾਰਨ ਦੀ ਸਥਿਤੀ ''ਚ ਭਾਜਪਾ ਦੇ ਕੋਲ ਗਵਾਉਣ ਲਈ ਕੁਝ ਨਹੀਂ ਹੋਵੇਗਾ। ਉਂਝ ਵੀ ਪੰਜਾਬ ਦੀ ਪ੍ਰੰਪਰਾ ਹੈ ਕਿ ਜਿਸ ਦੀ ਸੂਬੇ ''ਚ ਸਰਕਾਰ ਹੁੰਦੀ ਹੈ, ਚਾਰਾਂ ਸ਼ਹਿਰਾਂ ''ਚ ਉਥੇ ਪਾਰਟੀ ਕਾਬਜ਼ ਹੁੰਦੀ ਹੈ। ਉਂਝ ਭਾਜਪਾ ''ਚ ਇਕ ਇਹ ਵੀ ਗੱਲ ਚਲ ਰਹੀ ਹੈ ਕਿ ਜੇ ਸੂਬੇ ''ਚ ਹੰਗ ਅਸੈਂਬਲੀ ਆਉਂਦੀ ਹੈ ਤਾਂ ਵੀ ਭਾਜਪਾ ਨੂੰ ਨਿਗਮ ਚੋਣਾਂ ਇਕੱਲੇ ਲੜਨੀਆਂ ਚਾਹੀਦੀਆਂ ਹਨ। ਹਾਂ ਜੇ ਚੋਣਾਂ ਦੇ ਬਾਅਦ ਗਠਜੋੜ ਦੀ ਲੋੜ ਪੈਂਦੀ ਹੈ ਤਾਂ ਅਕਾਲੀ ਦਲ ਹੈ ਹੀ। ਭਾਜਪਾ ਦੇ ਕਈ ਵੱਡੇ ਨੇਤਾ ਵਿਧਾਨ ਸਭਾ ਚੋਣਾਂ ਵੀ ਇਕੱਲੇ ਲੜਨਾ ਚਾਹੁੰਦੇ ਸਨ ਕਿਉਂਕਿ ਇਨ੍ਹਾਂ ਨੇਤਾਵਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਕਾਲੀ ਦਲ ਦੇ ਪ੍ਰਤੀ ਲੋਕਾਂ ''ਚ ਗੁੱਸਾ ਹੈ। ਇਸ ਦਾ ਨੁਕਸਾਨ ਭਾਜਪਾ ਨੂੰ ਸ਼ਹਿਰਾਂ ''ਚ ਹੋ ਸਕਦਾ ਹੈ ਪਰ ਭਾਜਪਾ ਹਾਈਕਮਾਨ ਨੇ ਇਨ੍ਹਾਂ ਦੀ ਗੱਲ ਨਹੀਂ ਮੰਨੀ ਪਰ ਹੁਣ ਜੇ ਵਿਧਾਨ ਸਭਾ ਚੋਣਾਂ ''ਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹਾਈਕਮਾਨ ਵੀ ਇਸ ਗੱਲ ਦੀ ਮਨਜ਼ੂਰੀ ਦੇ ਸਕਦਾ ਹੈ ਕਿ ਭਾਜਪਾ ਲੋਕਲ ਚੋਣਾਂ ਆਪਣੇ ਦਮ ''ਤੇ ਇਕੱਲੇ ਲੜੇ।

Babita Marhas

News Editor

Related News