ਲੋਕ ਸਭਾ ਚੋਣਾਂ ਤੋਂ ਪਹਿਲੇ ਮਿਲੀ ਵੱਡੀ ਸਫ਼ਲਤਾ, ਤਿੰਨ ਸ਼ਕਤੀਸ਼ਾਲੀ IED ਬਰਾਮਦ
Wednesday, Apr 17, 2024 - 06:18 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਪੁੰਛ 'ਚ ਬੁੱਧਵਾਰ ਨੂੰ ਇਕ ਅੱਤਵਾਦੀ ਟਿਕਾਣੇ ਤੋਂ ਤਿੰਨ 'ਇਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ' (ਆਈਈਡੀ) ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਜ਼ਬਤ ਕੀਤੇ ਗਏ ਆਈਈਡੀ 'ਚ ਹਰੇਕ ਦਾ ਭਾਰ ਤਿੰਨ ਤੋਂ 20 ਕਿਲੋਗ੍ਰਾਮ (ਕਿਲੋ) ਦਰਮਿਆਨ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਜੰਮੂ ਕਸ਼ਮੀਰ 'ਚ ਲੋਕ ਸਭਾ ਚੋਣਾਂ ਤੋਂ ਪਹਿਲੇ ਵੱਡੀ ਸਫ਼ਲਤਾ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਆਈਈਡੀ 5 ਕਿਲੋ, 10 ਕਿਲੋ ਅਤੇ 20 ਕਿਲੋ ਭਾਰ ਵਾਲੇ ਸਟੀਲ ਦੇ ਡੱਬਿਆਂ ਦੇ ਅੰਦਰ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਮੇਂਢਰ ਉਪਖੰਡ ਦੇ ਸਨਾਈ-ਗੁਰਸਾਈ ਜੰਗਲਾਤ ਖੇਤਰ 'ਚ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਅਤੇ ਰਾਸ਼ਟਰੀ ਰਾਈਫ਼ਲਜ਼ ਵਲੋਂ ਚਲਾਈ ਗਈ ਇਕ ਸੰਯੁਕਤ ਤਲਾਸ਼ੀ ਮੁਹਿੰਮ ਦੌਰਾਨ ਇਕ ਗੁਫ਼ਾ 'ਚ ਬਣਾਏ ਗਏ ਅੱਤਵਾਦੀ ਟਿਕਾਣੇ ਤੋਂ ਬਰਾਮਦ ਕੀਤੇ ਗਏ।
ਅਧਿਕਾਰੀਆਂ ਅਨੁਸਾਰ, ਬੰਬ ਨਿਰੋਧਕ ਦਸਤੇ ਨੇ ਬਾਅਦ 'ਚ ਤਿੰਨੋਂ ਆਈਈਡੀ ਨਸ਼ਟ ਕਰ ਦਿੱਤੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਸਫ਼ੋਟ ਕਰਨ ਦੀ ਅੱਤਵਾਦੀਆਂ ਦੀ ਮੰਸ਼ਾ 'ਤੇ ਪਾਣੀ ਫੇਰ ਦਿੱਤਾ। ਸੀਆਰਪੀਐੱਫ ਦੇ ਅਧਿਕਾਰੀ ਰਜਨੀਸ਼ ਯਾਦਵ ਨੇ ਦੱਸਿਆ,''ਸਾਨੂੰ ਤੜਕੇ ਚਾਰ ਵਜੇ ਉੱਪਰੀ ਸੁਨਾਈ 'ਚ ਸੰਭਾਵਿਤ ਟਿਕਾਣੇ ਅਤੇ ਸ਼ੱਕੀ ਗਤੀਵਿਧੀ ਬਾਰੇ ਗੁਪਤ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜੰਮੂ ਕਸ਼ਮੀਰ ਪੁਲਸ ਅਤੇ ਰਾਸ਼ਟਰੀ ਰਾਈਫਲਜ਼ ਦੀ ਵਿਸ਼ੇਸ਼ ਮੁਹਿੰਮ ਸਮੂਹ (ਐੱਸਓਜੀ) ਨਾਲ ਇਕ ਸਾਂਝੀ ਤਲਾਸ਼ੀ ਅਤੇ ਨਸ਼ਟ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ।'' ਉਨ੍ਹਾਂ ਦੱਸਿਆ,''ਤਿੰਨ ਆਈਈਡੀ ਬਰਾਮਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।'' ਅਧਿਕਾਰੀ ਨੇ ਦੱਸਿਆ ਕਿ ਇਕ ਦਾ ਭਾਰ 15 ਤੋਂ 20 ਕਿਲੋ, ਦੂਜੇ ਦਾ 8 ਤੋਂ 10 ਕਿਲੋ ਅਤੇ ਤੀਜੇ ਦਾ ਤਿੰਨ ਤੋਂ 5 ਕਿਲੋ ਸੀ। ਨਾਲ ਹੀ ਇਨ੍ਹਾਂ ਨਾਲ ਜੁੜੇ 2 ਉਪਕਰਣ ਵੀ ਬਰਾਮਦ ਕੀਤੇ ਗਏ। ਉਨ੍ਹਾਂ ਨੇ ਹਾਦਸੇ ਵਾਲੀ ਜਗ੍ਹਾ ਪੱਤਰਕਾਰਾਂ ਨੂੰ ਦੱਸਿਆ,''ਇਹ ਚੋਣਾਂ ਦਾ ਸਮਾਂ ਹੈ ਅਤੇ ਅੱਤਵਾਦੀ ਕਿਸੇ ਵੀ ਤਰ੍ਹਾਂ ਦੀ ਸਨਸਨੀਖੇਜ ਘਟਨਾ ਨੂੰ ਅੰਜਾਮ ਦੇ ਕੇ ਚੋਣਾਂ ਦੌਰਾਨ ਰੁਕਾਵਟ ਪੈਦਾ ਕਰਨ ਦੀ ਫਿਰਾਕ 'ਚ ਰਹਿੰਦੇ ਹਨ।'' ਅਧਿਕਾਰੀਆਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਜ਼ਬਤ ਆਈਈਡੀ ਨੂੰ ਸੁਰੱਖਿਅਤ ਰੂਪ ਨਾਲ ਨਸ਼ਟ ਕਰ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e