ਜਲੰਧਰ 'ਚ ਦਿਨ-ਦਿਹਾੜੇ ਪੀ. ਏ. ਪੀ. ਦੇ ਕਮਾਂਡੈਂਟ ਦੀ ਮਾਂ ਦਾ ਕਤਲ

09/18/2018 6:30:33 PM

ਜਲੰਧਰ (ਮਹੇਸ਼)— ਜਲੰਧਰ 'ਚ ਦਿਨ-ਦਿਹਾੜੇ ਲੁੱਟ ਦੇ ਇਰਾਦੇ ਨਾਲ ਕਮਾਂਡੈਂਟ ਦੀ ਮਾਂ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪ੍ਰਾਈਮਰੀ ਸਕੂਲ ਦਕੋਹਾ ਦੇ ਕੋਲ ਰਹਿੰਦੇ ਪੀ. ਏ. ਪੀ. 'ਚ ਕਮਾਂਡੈਂਟ ਸਰੀਨ ਕੁਮਾਰ ਪ੍ਰਭਾਕਰ ਦੇ ਘਰ ਦਿਨ-ਦਿਹਾੜੇ ਲੁਟੇਰੇ ਲੁੱਟ ਦੀ ਨੀਅਤ ਨਾਲ ਦਾਖਲ ਹੋਏ ਵਾਰਦਾਤ ਦੇ ਸਮੇਂ ਘਰ 'ਚ ਸਰੀਨ ਪ੍ਰਭਾਕਰ ਦੀ ਮਾਂ ਸ਼ੀਲਾ ਰਾਣੀ (80) ਇਕੱਲੇ ਸਨ। ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਸ਼ੀਲਾ ਰਾਣੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਕੰਨਾਂ 'ਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ ਅੰਗੂਠੀ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪਾ ਕੇ ਡੀ. ਸੀ. ਪੀ. ਪਰਮਾਰ ਅਤੇ ਏ. ਡੀ. ਸੀ. ਪੀ. ਭੰਡਾਲ ਸਮੇਤ ਥਾਣਾ ਰਾਮਾ ਮੰਡੀ ਅਤੇ ਥਾਣਾ ਨੰਗਲ ਸ਼ਾਮਾ ਦੀ ਪੁਲਸ ਮੌਕੇ 'ਤੇ ਪਹੁੰਚੀ।

PunjabKesari

ਮ੍ਰਿਤਕਾ ਸ਼ੀਲਾ ਰਾਣੀ ਦੀ ਲੜਕੀ ਨੇ ਦੱਸਿਆ ਕਿ ਉਸ ਦੀ ਮਾਂ ਘਰ 'ਚ ਇਕੱਲੀ ਸੀ ਅਤੇ ਜਦੋਂ ਉਹ ਘਰ ਆਈ ਤਾਂ ਉਸ ਨੇ ਘਰ 'ਚ ਮਾਂ ਦੀ ਲਾਸ਼ ਦੇਖੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਫੋਰੈਂਸਿਕ ਟੀਮ ਮਾਮਲੇ ਦੀ ਰਿਪੋਰਟ ਤਿਆਰ ਕਰ ਰਹੀ ਹੈ। ਪੁਲਸ ਵੱਲੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕਤਲ ਕਿਸ ਨੇ ਕੀਤਾ ਹੈ, ਇਸ ਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ, ਇਹ ਪੁਲਸ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਰੀਨ ਇੰਚਾਰਜ ਇਸ ਤੋਂ ਪਹਿਲਾਂ ਸੀ. ਆਈ. ਡੀ. 'ਚ ਏ. ਆਈ. ਜੀ ਦੇ ਅਹੁਦੇ 'ਤੇ ਰਹਿ ਚੁੱਕੇ ਹਨ। ਸ਼ੀਲਾ ਰਾਣੀ ਪ੍ਰਭਾਕਰ (80) 20 ਮਈ ਨੂੰ 1987 'ਚ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਸ਼ਹੀਦ ਇੰਸ. ਰੋਸ਼ਨ ਲਾਲ ਪ੍ਰਭਾਕਰ ਦੀ ਪਤਨੀ ਸੀ। ਮ੍ਰਿਤਕਾ ਦੀ ਬਾਂਹ 'ਤੇ ਵੀ ਕੁਝ ਨਿਸ਼ਾਨ ਹਨ ਜੋ ਦੱਸ ਰਹੇ ਹਨ ਕਿ ਬਜ਼ੁਰਗ ਔਰਤ ਨੇ ਲੁਟੇਰਿਆਂ ਦਾ ਕਾਫੀ ਮੁਕਾਬਲਾ ਕੀਤਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਛੱਤ ਦੇ ਰਸਤੇ ਘਰ ਵਿਚ ਦਾਖਲ ਹੋਏ ਅਤੇ ਉਸੇ ਰਸਤੇ ਤੋਂ ਫਰਾਰ ਹੋ ਗਏ। ਪੰਜਾਬ 'ਚ ਕਈ ਥਾਵਾਂ 'ਤੇ ਐੈੱਸ. ਪੀ. ਕ੍ਰਾਈਮ ਅਤੇ  ਐੱਸ. ਪੀ. ਵਿਜੀਲੈਂਸ ਰਹਿ ਚੁੱਕੇ ਨਵੀਨ ਕੁਮਾਰ ਪ੍ਰਭਾਕਰ ਐੈੱਸ. ਐੈੱਸ. ਪੀ. ਆਫਿਸ ਹੁਸ਼ਿਆਰਪੁਰ 'ਚ ਲੇਖਾ ਵਿਭਾਗ 'ਚ ਤਾਇਨਾਤ ਹਨ, ਜਦੋਂਕਿ ਬੇਟੀ ਦੀਪਿਕਾ ਕਾਲੀਆ ਨਹਿਰੀ ਵਿਭਾਗ 'ਚ ਪਟਵਾਰੀ ਦੀ ਨੌਕਰੀ ਕਰ ਰਹੀ ਹੈ। 

ਪੁਲਸ ਅਧਿਕਾਰੀਆਂ ਨੇ ਛੱਤ 'ਤੇ ਚੜ੍ਹ ਕੇ ਕੀਤੀ ਜਾਂਚ
ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲਸ ਦੇ ਕਈ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ , ਜਿਨ੍ਹਾਂ ਵਿਚ ਮੁੱਖ ਤੌਰ 'ਤੇ ਡੀ. ਸੀ. ਪੀ. ਪਰਮਵੀਰ ਸਿੰਘ ਪਰਮਾਰ, ਏ. ਡੀ. ਸੀ. ਪੀ. ਸਿਟੀ-1  ਪਰਮਿੰਦਰ ਸਿੰਘ ਭੰਡਾਲ, ਏ. ਸੀ. ਪੀ. ਦਲਬੀਰ ਸਿੰਘ ਬੁੱਟਰ ਅਤੇ ਸੀ. ਆਈ. ਏ. ਦੇ  ਇੰਸਪੈਕਟਰ ਅਜੇ ਸਿੰਘ ਸ਼ਾਮਲ ਸਨ। ਪੁਲਸ ਅਧਿਕਾਰੀਆਂ ਨੇ ਵਾਰਦਾਤ ਵਾਲੀ ਥਾਂ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਨੀ ਸ਼ੁਰੂ ਕੀਤੀ। ਘਰ ਦੀ ਛੱਤ 'ਤੇ ਚੜ੍ਹ ਕੇ ਵੀ ਡੂੰਘਾਈ ਨਾਲ ਜਾਂਚ ਕੀਤੀ ਗਈ ਪਰ ਲੁਟੇਰਿਆਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। 

PunjabKesari

ਸਭ ਤੋਂ ਪਹਿਲਾਂ ਬੇਟੀ ਨੇ ਦੇਖੀ ਮਾਂ ਦੀ ਲਾਸ਼
ਬੇਟੀ ਦੀਪਿਕਾ ਕਾਲੀਆ ਨੂੰ ਸਭ ਤੋਂ ਪਹਿਲਾਂ ਮਾਂ ਦੀ ਮੌਤ ਦਾ ਪਤਾ ਲੱਗਾ। ਬੇਟੀ ਦੇ ਦੱਸਣ ਮੁਤਾਬਕ ਜਦੋਂ ਉਹ ਸੋਮਵਾਰ ਸਵੇਰੇ ਮਾਂ ਨੂੰ ਮਿਲਣ ਲਈ ਆਈ ਤਾਂ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੀ ਰਹੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ, ਜਿਸ ਤੋਂ ਬਾਅਦ ਉਸ ਨੇ ਗੁਆਂਢੀਆਂ ਦੀ ਛੱਤ 'ਤੇ ਚੜ੍ਹ ਕੇ ਦੇਖਿਆ ਤਾਂ ਮਾਂ ਬਰਾਂਡੇ 'ਚ ਬੇਹੋਸ਼ ਪਈ ਸੀ। ਉਹ ਛੱਤ ਦੇ ਰਸਤੇ ਰਾਹੀਂ ਅੰਦਰ ਆਈ ਅਤੇ ਬੇਹੋਸ਼ ਮਾਂ ਨੂੰ ਨੇੜੇ ਹੀ ਸਥਿਤ ਕਿਸੇ ਕਲੀਨਿਕ ਦੇ ਡਾਕਟਰ ਨੂੰ ਬੁਲਾ ਕੇ ਦਿਖਾਇਆ ਤਾਂ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਰੋਜ਼ ਛੋਟੇ ਬੇਟੇ ਦੇ ਘਰ ਸੌਂਦੀ ਸੀ ਸ਼ੀਲਾ ਰਾਣੀ
ਮ੍ਰਿਤਕਾ ਸ਼ੀਲਾ ਰਾਣੀ ਜ਼ਿਆਦਾਤਰ ਆਪਣੇ ਛੋਟੇ ਬੇਟੇ ਨਵੀਨ ਕੁਮਾਰ ਪ੍ਰਭਾਕਰ ਦੇ ਸੁਖਪਾਲ ਐਨਕਲੇਵ ਦਕੋਹਾ 'ਚ ਸਥਿਤ ਘਰ 'ਚ ਹੀ ਸੌਂਦੀ ਸੀ ਕਿਉਂਕਿ ਜ਼ਿਆਦਾ ਗਰਮੀ ਹੋਣ ਕਾਰਨ ਨਵੀਨ ਰੋਜ਼ ਸ਼ਾਮ ਨੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ। ਐਤਵਾਰ ਸ਼ਾਮ ਨੂੰ 7 ਵਜੇ ਨਵੀਨ ਨੇ ਆਪਣੇ ਮਾਂ ਨੂੰ ਨਾਲ ਜਾਣ ਲਈ ਕਿਹਾ ਪਰ ਮਾਂ ਇਹ ਕਹਿ ਕੇ ਗਈ ਕਿ ਨਹੀਂ ਅੱਜ ਮੌਸਮ ਠੀਕ ਹੈ, ਇਸ ਲਈ ਉਹ ਆਪਣੇ ਪੁਰਾਣੇ ਘਰ 'ਚ ਹੀ ਸੌਂ ਜਾਵੇਗੀ। 

ਏ. ਆਈ. ਜੀ. ਰਹਿੰਦੇ ਹਨ ਅਰਮਾਨ ਨਗਰ 'ਚ 
ਸ਼ੀਲਾ ਰਾਣੀ ਦੇ ਵੱਡੇ ਬੇਟੇ ਏ. ਆਈ. ਜੀ. ਸਰੀਨ ਕੁਮਾਰ ਪ੍ਰਭਾਕਰ ਨੇ ਆਪਣੀ ਕੋਠੀ ਅਰਮਾਨ ਨਗਰ ਦਕੋਹਾ 'ਚ ਹੀ ਬਣਾਈ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਉਥੇ ਰਹਿੰਦੇ ਹਨ। 

ਅੱਜ ਹੋਵੇਗਾ ਪੋਸਟਮਾਰਟਮ
ਏ.  ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪੁਲਸ ਸਟੇਸ਼ਨ ਰਾਮਾਮੰਡੀ (ਸੂਰਿਆ ਐਨਕਲੇਵ) ਵਿਚ  ਲੁਟੇਰਿਆਂ ਖਿਲਾਫ ਆਈ. ਪੀ. ਸੀ. ਦੀ ਧਾਰਾ 60 ਦੇ  ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਸ਼ੀਲਾ ਰਾਣੀ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਮੰਗਲਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


Related News