ਜਲੰਧਰ ''ਚ ਵੱਡੀ ਵਾਰਦਾਤ: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਕਮਰੇ ''ਚੋਂ ਅਰਧ ਨਗਨ ਹਾਲਾਤ ''ਚ ਮਿਲੀ ਲਾਸ਼
Sunday, Mar 31, 2024 - 06:59 PM (IST)
ਜਲੰਧਰ (ਵਰੁਣ)–ਡੀ. ਏ. ਵੀ. ਕਾਲਜ ਨਜ਼ਦੀਕ ਸ਼ੀਤਲ ਨਗਰ ਦੀ ਮੰਦਰ ਵਾਲੀ ਗਲੀ ਵਿਚ ਸ਼ਨੀਵਾਰ ਰਾਤੀਂ ਕਿਰਾਏਦਾਰ ਔਰਤ ਦੀ ਕਮਰੇ ਵਿਚੋਂ ਗਲ਼ੀ-ਸੜੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। 14 ਦਿਨ ਪਹਿਲਾਂ ਹੀ ਔਰਤ ਆਪਣੇ ਪਤੀ ਅਤੇ 6 ਸਾਲਾ ਬੱਚੇ ਨਾਲ ਕਿਰਾਏ ’ਤੇ ਰਹਿਣ ਲਈ ਆਈ ਸੀ। ਇਸੇ ਇਮਾਰਤ ਵਿਚ ਹੀ ਕਿਰਾਏ ’ਤੇ ਰਹਿ ਰਹੇ ਆਟੋ ਚਾਲਕ ਦੇ ਪਰਿਵਾਰ ਨੂੰ ਜਦੋਂ ਅਜੀਬ ਬਦਬੂ ਆਈ ਤਾਂ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ ਗਿਆ, ਜਿਸ ਦੇ ਬਾਅਦ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ।
ਮੌਕੇ ’ਤੇ ਪੁਲਸ ਪਹੁੰਚੀ ਤਾਂ ਕਮਰੇ ਦਾ ਤਾਲਾ ਤੋੜ ਕੇ ਅੰਦਰ ਵੇਖਿਆ ਕਿ ਔਰਤ ਦੀ ਲਾਸ਼ ਚਾਦਰ ਨਾਲ ਢਕੀ ਹੋਈ ਸੀ। ਲਾਸ਼ ਦੇ ਆਲੇ-ਦੁਆਲੇ ਖ਼ੂਨ ਵੀ ਖਿੱਲਰਿਆ ਸੀ, ਜਦਕਿ ਗਲੇ ਵਿਚ ਔਰਤ ਦੀ ਸਲਵਾਰ ਉਤਾਰ ਕੇ ਉਸ ਨੂੰ ਕੱਸ ਕੇ ਬੰਨ੍ਹਿਆ ਹੋਇਆ ਸੀ। ਜਾਣਕਾਰੀ ਦਿੰਦਿਆਂ ਮਕਾਨ ਦੀ ਕੇਅਰਟੇਕਰ ਕਿਰਨ ਬਾਲਾ ਨੇ ਦੱਸਿਆ ਕਿ ਮਕਾਨ ਬਸਤੀ ਦਾਨਿਸ਼ਮੰਦਾਂ ਦੇ ਰਾਸ਼ਨ ਡਿਪੂ ਹੋਲਡਰ ਦਾ ਹੈ। ਉਨ੍ਹਾਂ ਮਕਾਨ ਦੀ ਸਫ਼ਾਈ ਅਤੇ ਕਿਰਾਏ ’ਤੇ ਚੜ੍ਹਾਉਣ ਲਈ ਉਸ ਨੂੰ ਚਾਬੀਆਂ ਦਿੱਤੀਆਂ ਹੋਈਆਂ ਸਨ। 16 ਮਾਰਚ ਨੂੰ ਇਕ ਜੋੜਾ ਆਪਣੇ 6 ਸਾਲ ਦੇ ਬੱਚੇ ਨਾਲ ਉਨ੍ਹਾਂ ਕੋਲ ਆਇਆ ਅਤੇ ਕਿਰਾਏ ’ਤੇ ਕਮਰਾ ਮੰਗਣ ਲੱਗਾ। ਕਿਰਨ ਬਾਲਾ ਨੇ ਉਨ੍ਹਾਂ ਤੋਂ ਆਈ. ਡੀ. ਪਰੂਫ਼ ਮੰਗਿਆ ਤਾਂ ਵਿਅਕਤੀ ਨੇ ਕਿਹਾ ਕਿ ਉਹ ਬੱਚੇ ਦੇ ਇਲਾਜ ਲਈ ਆਇਆ ਹੈ ਅਤੇ ਤੁਰੰਤ ਕਮਰਾ ਚਾਹੀਦਾ ਹੈ। ਉਸ ਨੇ ਜਲਦ ਆਈ. ਡੀ. ਪਰੂਫ਼ ਵੀ ਦੇਣ ਦਾ ਭਰੋਸਾ ਦਿੱਤਾ। ਕਿਰਨ ਬਾਲਾ ਨੇ ਕਮਰਾ ਖੁੱਲ੍ਹਵਾ ਦਿੱਤਾ। ਉਸ ਮਕਾਨ ਦੇ ਬਾਹਰ ਇਕ ਡਿਪੂ ਹੈ, ਜਦਕਿ ਉਪਰਲੀ ਮੰਜ਼ਿਲ ’ਤੇ ਆਟੋ ਚਾਲਕ ਆਪਣੇ ਪਰਿਵਾਰ ਨਾਲ ਰਹਿੰਦਾ ਸੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਕਿਰਨ ਬਾਲਾ ਨੇ ਜੋੜੇ ਨੂੰ ਹੇਠਲਾ ਕਮਰਾ ਦੇ ਦਿੱਤਾ। ਹੋਲੀ ਕਾਰਨ ਆਟੋ ਚਾਲਕ ਆਪਣੇ ਪਰਿਵਾਰ ਨਾਲ ਪਿੰਡ ਚਲਾ ਗਿਆ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਆਏ ਤਾਂ ਘਰ ਵਿਚੋਂ ਅਜੀਬ ਜਿਹੀ ਬਦਬੂ ਆਈ। ਉਨ੍ਹਾਂ ਸੋਚਿਆ ਕਿ ਕਮਰਾ ਇਕ ਹਫ਼ਤੇ ਬਾਅਦ ਖੁੱਲ੍ਹਿਆ ਹੈ, ਜਿਸ ਕਾਰਨ ਬਦਬੂ ਆਉਂਦੀ ਹੋਵੇਗੀ ਪਰ ਸ਼ਨੀਵਾਰ ਦੇਰ ਸ਼ਾਮ ਬਦਬੂ ਜ਼ਿਆਦਾ ਆਉਣ ’ਤੇ ਉਨ੍ਹਾਂ ਕਿਰਨ ਬਾਲਾ ਨੂੰ ਸੂਚਨਾ ਦਿੱਤੀ। ਇਸ ਦੀ ਸੂਚਨਾ ਤੁਰੰਤ ਥਾਣਾ ਨੰਬਰ 1 ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏ. ਐੱਸ. ਆਈ. ਸ਼ਾਮ ਲਾਲ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਕਮਰੇ ਦਾ ਤਾਲਾ ਤੋੜ ਕੇ ਵੇਖਿਆ ਤਾਂ ਅੰਦਰ ਔਰਤ ਦੀ ਚਾਦਰ ਨਾਲ ਢਕੀ ਹੋਈ ਲਾਸ਼ ਪਈ ਸੀ। ਆਲੇ-ਦੁਆਲੇ ਖ਼ੂਨ ਵੀ ਸੀ, ਜਦਕਿ ਔਰਤ ਦੇ ਕੱਪੜੇ ਵੀ ਖ਼ੂਨ ਵਿਚ ਲਥਪਥ ਸਨ।
ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਔਰਤ ਦਾ ਪਤੀ ਹੀ ਉਸ ਦਾ ਕਤਲ ਕਰਕੇ ਲਾਸ਼ ਨੂੰ ਚਾਦਰ ਨਾਲ ਢਕ ਕੇ ਆਪਣਾ ਸਾਮਾਨ, ਔਰਤ ਦਾ ਪਰਸ ਆਦਿ ਲੈ ਕੇ ਬੱਚੇ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਪਤੀ ਨੇ ਹੀ ਕਮਰੇ ਨੂੰ ਬਾਹਰੋਂ ਤਾਲਾ ਲਾਇਆ ਸੀ। ਔਰਤ ਦੀ ਪਛਾਣ ਨਾ ਹੋਵੇ, ਇਸ ਲਈ ਮੁਲਜ਼ਮ ਪਤੀ ਉਸ ਦੇ ਦਸਤਾਵੇਜ਼ ਵੀ ਨਾਲ ਲੈ ਗਿਆ। ਔਰਤ ਨੇ ਉਪਰ ਵਾਲੇ ਕੱਪੜੇ ਤਾਂ ਪਹਿਨੇ ਹੋਏ ਸਨ ਪਰ ਹੇਠੋਂ ਉਹ ਨੰਗੀ ਹਾਲਤ ਵਿਚ ਸੀ। ਔਰਤ ਦੇ ਗਲੇ ’ਤੇ ਬੰਨ੍ਹੀ ਉਸਦੀ ਸਲਵਾਰ ਤੋਂ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਨੇ ਪਹਿਲਾਂ ਕਿਸੇ ਹਥਿਆਰ ਨਾਲ ਔਰਤ ’ਤੇ ਵਾਰ ਕੀਤੇ ਅਤੇ ਮੌਤ ਨਾ ਹੋਣ ’ਤੇ ਉਸ ਦੀ ਸਲਵਾਰ ਲਾਹ ਕੇ ਉਸ ਨਾਲ ਔਰਤ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਔਰਤ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕਾ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੇਰ ਰਾਤ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਏ. ਐੱਸ. ਆਈ. ਸ਼ਾਮ ਲਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ
ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਰਹੀ ਪੁਲਸ
ਦੇਰ ਰਾਤ ਪੁਲਸ ਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਸਨ। ਮ੍ਰਿਤਕ ਔਰਤ ਪ੍ਰਵਾਸੀ ਦੱਸੀ ਜਾ ਰਹੀ ਹੈ, ਜਦੋਂ ਕਿ ਲਾਸ਼ 3 ਦਿਨ ਪੁਰਾਣੀ ਹੈ। ਲਾਸ਼ ’ਤੇ ਕੀੜੇ ਵੀ ਰੇਂਗ ਰਹੇ ਸਨ। ਕਮਰੇ ਵਿਚੋਂ ਕੋਈ ਵੀ ਦਸਤਾਵੇਜ਼ ਨਾ ਮਿਲਣ ਕਾਰਨ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ। ਅਜਿਹੇ ਵਿਚ ਪੁਲਸ 16 ਮਾਰਚ ਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ ਤਾਂ ਕਿ ਮੁਲਜ਼ਮ ਪਤੀ ਦਾ ਚਿਹਰਾ ਸਾਫ ਦਿਖਾਈ ਦੇਵੇ। ਕਮਰੇ ਵਿਚੋਂ ਕੋਈ ਮੋਬਾਈਲ ਆਦਿ ਨਹੀਂ ਮਿਲਿਆ। ਸਿਰਫ਼ ਇਕ ਅਟੈਚੀ ਹੈ, ਜਿਸ ਵਿਚ ਕੁਝ ਕੱਪੜੇ ਸਨ, ਹਾਲਾਂਕਿ ਫਰਸ਼ ’ਤੇ ਖ਼ੂਨ ਜ਼ਰੂਰ ਖਿੱਲਰਿਆ ਹੋਇਆ ਸੀ।
ਸ਼ਰਾਬ ਦੇ ਨਸ਼ੇ ’ਚ ਕੀਤਾ ਕਤਲ!
ਜਿਉਂ ਹੀ ਪੁਲਸ ਕਮਰੇ ਵਿਚ ਦਾਖ਼ਲ ਹੋਈ ਤਾਂ ਅੰਦਰ ਚਾਦਰ ਨਾਲ ਢਕੀ ਲਾਸ਼ ਨੇੜੇ ਪਾਣੀ ਦੀਆਂ ਬੋਤਲਾਂ ਪਈਆਂ ਸਨ। ਕੰਧ ਨਾਲ ਕੋਲਡ ਡ੍ਰਿੰਕ ਅਤੇ ਸ਼ਰਾਬ ਦੇ 2 ਖਾਲੀ ਕੁਆਰਟਰ ਵੀ ਪਏ ਸਨ, ਜਦਕਿ ਫਰਸ਼ ’ਤੇ ਰੋਟੀਆਂ ਅਤੇ ਪਲੇਟ ਵਿਚ ਕੁਝ ਚੌਲ ਪਏ ਸਨ। ਅਜਿਹੇ ਵਿਚ ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੁਲਜ਼ਮ ਪਤੀ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਕੇ ਕਮਰੇ ਨੂੰ ਲਾਕ ਕਰ ਕੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਨੇ ਪਹਿਲਾਂ ਵੀ ਇਲਾਕੇ ਦੇ ਹੀ ਇਕ ਹੋਰ ਘਰ ਵਿਚ ਕਮਰਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਆਈ. ਡੀ. ਪਰੂਫ਼ ਨਾ ਹੋਣ ’ਤੇ ਉਨ੍ਹਾਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8