ਚੋਣ ਜ਼ਾਬਤੇ ਦੌਰਾਨ ਜਲੰਧਰ ''ਚ ਵੱਡੀ ਵਾਰਦਾਤ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
Monday, Apr 22, 2024 - 10:05 AM (IST)
ਜਲੰਧਰ (ਮਹੇਸ਼)- ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਜਾਰਜ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਸੰਸਾਰਪੁਰ (ਜਲੰਧਰ ਕੈਂਟ) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਬਿਜਲੀ ਅਤੇ ਪੇਂਟ ਦਾ ਕੰਮ ਕਰਦਾ ਸੀ। ਜਾਰਜ ਦੀ ਲਾਸ਼ ਸੰਸਾਰਪੁਰ ਤੋਂ ਪਿੰਡ ਖੇੜਾ (ਜਮਸ਼ੇਰ ਐਨਕਲੇਵ ਦੇ ਪਿਛਲੇ ਪਾਸੇ) ਨੂੰ ਜਾਂਦੀ ਕੱਚੀ ਸੜਕ ’ਤੇ ਸਥਿਤ ਇਕ ਖਾਲੀ ਪਲਾਟ ’ਚ ਖੂਨ ਵਿਚ ਲਥਪਥ ਹਾਲਤ ’ਚ ਪਈ ਸੀ। ਇਸ ਦੀ ਸੂਚਨਾ ਉਕਤ ਰਸਤੇ ਤੋਂ ਪਸ਼ੂ ਲੈ ਕੇ ਲੰਘ ਰਹੇ ਇਕ ਗੁੱਜਰ ਵੱਲੋਂ ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਰਜ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਜਾਰਜ ਦਾ ਕਤਲ ਕਰਨ ਵਾਲਿਆਂ ਨੇ ਉਸ ਦੇ ਸਿਰ ਅਤੇ ਧੌਣ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਸਨ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ 'ਤੇ ਮਹਿੰਗਾਈ ਦੀ ਦੋਹਰੀ ਮਾਰ! ਜੇਬ 'ਤੇ ਪਵੇਗਾ ਵਾਧੂ ਬੋਝ
ਘਟਨਾ ਵਾਲੀ ਥਾਂ ’ਤੇ ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਆਈ. ਪੀ. ਐੱਸ. ਅਤੇ ਏ. ਸੀ. ਪੀ. ਜਲੰਧਰ ਕੈਂਟ ਸੁਖਨਿੰਦਰ ਸਿੰਘ ਕੈਰੋਂ, ਐੱਸ. ਐੱਚ. ਓ. ਸਦਰ ਜਗਦੀਪ ਸਿੰਘ, ਏ. ਐੱਸ. ਆਈ. ਬਲਵਿੰਦਰ ਕੁਮਾਰ ਅਤੇ ਹੋਰ ਮਾਹਿਰ ਟੀਮਾਂ ਵੀ ਪਹੁੰਚ ਗਈਆਂ ਸਨ। ਉਨ੍ਹਾਂ ਇਸ ਕਤਲ ਕਾਂਡ ਨੂੰ ਟਰੇਸ ਕਰਨ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।
ਏ. ਐੱਸ. ਆਈ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਜਾਰਜ ਦੇ ਭਰਾ ਰਾਜ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਪਿੰਡ ਸੰਸਾਰਪੁਰ ਦੇ ਬਿਆਨਾਂ ’ਤੇ ਜਾਰਜ ਨੂੰ ਕਤਲ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਿਚ ਆਈ. ਪੀ. ਸੀ. ਦੀ ਧਾਰਾ 302 ਤਹਿਤ ਐੱਫ. ਆਈ. ਆਰ. ਨੰਬਰ-73 ਦਰਜ ਕਰ ਲਈ ਹੈ ਅਤੇ ਕਾਤਲਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਜਾਰਜ ਦੇ ਕਤਲ ਦੀ ਖਬਰ ਮਿਲਦੇ ਹੀ ਉਸ ਦੇ ਘਰ ਹੀ ਨਹੀਂ ਸਗੋਂ ਪੂਰੇ ਮੁਹੱਲੇ ਵਿਚ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ।
ਕੋਡ ਆਫ ਕੰਡਕਟ ’ਚ ਵੀ ਮੁਜਰਿਮ ਬਿਨਾਂ ਕਿਸੇ ਡਰ ਤੋਂ ਘੁੰਮ ਰਹੇ
ਸੰਸਾਰਪੁਰ ਦੇ ਰਹਿਣ ਵਾਲੇ ਜਾਰਜ ਦੇ ਕਤਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਲਾਏ ਗਏ ਕੋਡ ਆਫ ਕੰਡਕਟ ਵਿਚ ਵੀ ਮੁਜਰਿਮ ਕਿਸਮ ਦੇ ਲੋਕ ਬਿਨਾਂ ਕਿਸੇ ਡਰ ਦੇ ਘੁੰਮ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਸਮਾਰਟ ਸਿਟੀ 'ਚ ਹੋਇਆ ਘਪਲਾ ਵਿਜੀਲੈਂਸ ਦੀ ਰਡਾਰ 'ਤੇ! ਸਖ਼ਤ ਐਕਸ਼ਨ ਦੀ ਤਿਆਰੀ
ਹਾਲਾਂਕਿ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਚੌਕਸੀ ਵੀ ਕਾਫੀ ਵਧਾਈ ਹੋਈ ਹੈ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ ਲੱਗੇ ਪੁਲਸ ਦੇ ਨਾਕਿਆਂ ’ਤੇ ਹਰ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਥਾਣਾ ਸਦਰ ਜਮਸ਼ੇਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਪਿੰਡ ਖੇੜਾ ਰੋਡ ’ਤੇ ਜਾਰਜ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲ ਪੁਲਸ ਦੀ ਖਾਸ ਤੌਰ ’ਤੇ ਚੱਲ ਰਹੀ ਚੋਣ ਡਿਊਟੀ ’ਤੇ ਕਈ ਸਵਾਲ ਖੜ੍ਹੇ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8